ਬਾਟਲਾ ਹਾਊਸ ਐਨਕਾਊਂਟਰ ਕੇਸ: ਆਰਿਜ ਖਾਨ ਦੋਸ਼ੀ ਕਰਾਰ, 15 ਮਾਰਚ ਨੂੰ ਹੋਵੇਗਾ ਸਜ਼ਾ ਦਾ ਐਲਾਨ

3/8/2021 3:43:31 PM

ਨਵੀਂ ਦਿੱਲੀ— 13 ਸਾਲ ਪੁਰਾਣੇ ਬਾਟਲਾ ਹਾਊਸ ਐਨਕਾਊਂਟਰ ਕੇਸ ਵਿਚ ਦਿੱਲੀ ਦੀ ਸਾਕੇਤ ਅਦਾਲਤ ਨੇ ਇੰਡੀਅਨ ਮੁਜਾਹਿਦੀਨ ਦੇ ਅੱਤਵਾਦੀ ਆਰਿਜ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿਚ 15 ਮਾਰਚ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਆਰਿਜ ਖਾਨ ’ਤੇ ਦਿੱਲੀ ਤੋਂ ਇਲਾਵਾ ਦੇਸ਼ ਦੀਆਂ ਹੋਰ ਥਾਵਾਂ ’ਤੇ ਬੰਬ ਧਮਾਕੇ ਕਰਨ ਦਾ ਦੋਸ਼ ਹੈ। ਦੱਸ ਦੇਈਏ ਕਿ 2018 ਵਿਚ ਦੋਸ਼ੀ ਆਰਿਜ ਦੀ ਗਿ੍ਰਫ਼ਤਾਰੀ ਹੋਈ ਸੀ। ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਆਰਿਜ ਨੂੰ ਬਾਟਲਾ ਹਾਊਸ ਐਨਕਾਊਂਟਰ ਦੇ ਇਕ ਦਹਾਕੇ ਬਾਅਦ ਗਿ੍ਰਫ਼ਤਾਰ ਕੀਤਾ ਸੀ। 

ਪੁਲਸ ਮੁਤਾਬਕ ਦਿੱਲੀ ਵਿਚ 13 ਸਤੰਬਰ 2008 ਵਿਚ 5 ਥਾਵਾਂ ’ਤੇ ਬੰਬ ਧਮਾਕੇ ਹੋਏ। ਇਨ੍ਹਾਂ ਬੰਬ ਧਮਾਕਿਆਂ ਵਿਚ 30 ਲੋਕਾਂ ਦੀ ਜਾਨ ਗਈ ਅਤੇ ਕਈ ਸਾਰੇ ਲੋਕ ਜ਼ਖਮੀ ਹੋਏ ਸਨ। ਇਸ ਐਨਕਾਊਂਟਰ ਵਿਚ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਦੇ ਇੰਸਪੈਕਟਰ ਮੋਹਨ ਚੰਦ ਸ਼ਰਮਾ ਅੱਤਵਾਦੀਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਅਤੇ ਸ਼ਹੀਦ ਹੋ ਗਏ। ਇਸ ਕੇਸ ਦੀ ਜਾਂਚ ਦੌਰਾਨ ਪੁਲਸ ਦੀ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਕਿ ਜਾਮੀਆ ਦੇ ਬਾਟਲਾ ਇਲਾਕੇ ਵਿਚ ਕੁਝ ਅੱਤਵਾਦੀ ਲੁਕੇ ਹੋਏ ਹਨ। ਪੁਲਸ ਮੌਕੇ ’ਤੇ ਪੁੱਜੀ। ਉਸ ਸਮੇਂ ਬਾਟਲਾ ਹਾਊਸ ਦੇ ਉਸ ਫਲੈਟ ਵਿਚ ਆਰਿਜ ਖਾਨ ਨਾਲ 4 ਹੋਰ ਲੋਕ ਫਲੈਟ ਵਿਚ ਮੌਜੂਦ ਸਨ। ਇਸ ਦੌਰਾਨ ਪੁਲਸ ਦਾ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ ਅਤੇ ਦੋ ਅੱਤਵਾਦੀ ਮਾਰੇ ਗਏ। ਜਦਕਿ ਤਿੰਨ ਦੌੜਨ ਵਿਚ ਸਫ਼ਲ ਰਹੇ। ਇਨ੍ਹਾਂ ’ਚੋਂ ਇਕ ਸੀ ਆਰਿਜ ਖਾਨ। ਅਦਾਲਤ ਵਿਚ ਇਹ ਸਿੱਧ ਹੋ ਗਿਆ ਹੈ ਕਿ 19 ਸਤੰਬਰ 2008 ਨੂੰ ਆਰਿਜ ਖਾਨ ਬਾਟਲਾ ਹਾਊਸ ਵਿਚ ਮੌਜੂਦ ਸੀ ਅਤੇ ਇੰਸਪੈਕਟਰ ਮੋਹਨ ਸ਼ਰਮਾ ਅਤੇ ਹੋਰ ਪੁਲਸ ਵਾਲਿਆਂ ਦੇ ਕਤਲ ਵਿਚ ਦੋਸ਼ੀ ਕਰਾਰ ਦਿੱਤਾ ਗਿਆ। 

ਪੁਲਸ ਨੇ ਦੋ ਹੋਰ ਦੋਸ਼ੀ ਮੁਹੰਮਦ ਸੈਫ ਅਤੇ ਜਿਸ਼ਾਨ ਨੂੰ ਗਿ੍ਰਫ਼ਤਾਰ ਕਰ ਲਏ ਗਏ। ਇਸ ਮਾਮਲੇ ਵਿਚ ਸਾਲ 2013 ਵਿਚ ਅਦਾਲਤ ਨੇ ਇੰਡੀਅਨ ਮੁਜਾਹਿਦੀਨ ਦੇ ਅੱਤਵਾਦੀ ਸ਼ਹਿਜਾਦ ਅਹਿਮਦ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸ਼ਹਿਜਾਦ ਦੀ ਸਜ਼ਾ ਖ਼ਿਲਾਫ਼ ਅਪੀਲ ਹਾਈ ਕੋਰਟ ਵਿਚ ਪੈਂਡਿੰਗ ਹੈ। 


Tanu

Content Editor Tanu