ਬਾਂਦਾ ਕਿਸ਼ਤੀ ਹਾਦਸਾ : ਹੁਣ ਤਕ ਕੁੱਲ 11 ਲਾਸ਼ਾ ਬਰਾਮਦ, ਰੈਸਕਿਊ ਆਪਰੇਸ਼ਨ ਜਾਰੀ
Saturday, Aug 13, 2022 - 01:52 PM (IST)
ਬਾਂਦਾ– ਉੱਤਰ-ਪ੍ਰਦੇਸ਼ ’ਚ ਬਾਂਦਾ ਜ਼ਿਲ੍ਹੇ ਦੇ ਮਰਕਾ ਥਾਣਾ ਖੇਤਰ ’ਚ ਦੋ ਦਿਨ ਪਹਿਲਾਂ ਯਮੁਨਾ ਨਦੀ ’ਚ ਇਕ ਕਿਸ਼ਤੀ ਡੁੱਬਣ ਦੀ ਘਟਨਾ ’ਚ 8 ਹੋਰ ਲੋਕਾਂ ਦੀਆਂਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸਦੇ ਨਾਲ ਹੀ ਇਸ ਦੁਰਘਟਨਾ ’ਚ ਮ੍ਰਿਤਕਾਂ ਦੀ ਗਿਣਤੀ ਵਧਕੇ 11 ਹੋ ਗਈ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਕਿਸ਼ਤੀ ਪਲਟਨ ਨਾਲ ਡੁੱਬਣ ਤੋਂ ਬਾਅਦ 4 ਲੋਕ ਅਜੇ ਵੀ ਲਾਪਤਾ ਹਨ।
ਬਾਂਦਾ ਪੁਲਸ ਅਧਿਕਾਰੀ ਅਭਿਨੰਦਨ ਨੇ ਸ਼ਨੀਵਾਰ ਨੂੰ ਦੱਸਿਆ ਕਿ ਵੀਰਵਾਰ ਨੂੰ ਫਤੇਹਪੁਰ ਜ਼ਿਲ੍ਹੇ ਤੋਂ ਬਾਂਦਾ ਜ਼ਿਲ੍ਹੇ ਦੇ ਮਰਕਾ ਥਾਣਾ ਖੇਤਰ ਦੇ ਮਰਕਾ ਪਿੰਡ ਵੱਲ ਜਾ ਰਹੀ 32 ਯਾਤਰੀਆਂ ਨਾਲ ਭਰੀ ਕਿਸ਼ਤੀ ਯਮੁਨਾ ਨਦੀ ’ਚ ਡੁੱਬ ਗਈ। ਜਿਸ ਵਿਚ ਹੁਣ ਤਕ 17 ਲੋਕਾਂ ਨੂੰ ਬਚਾ ਲਿਆ ਗਿਆ ਹੈ। ਘਟਨਾ ਤੋਂ ਬਾਅਦ 3 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਇਨ੍ਹਾਂ ’ਚੋਂ ਦੋ ਜਨਾਨੀਆਂ ਅਤੇ ਇਕ ਬੱਚਾ ਸੀ। ਉਸੇ ਸਮੇਂ ਤੋਂ ਚੱਲ ਰਹੀ ਬਚਾਅ ਮੁਹਿੰਮ ਦੌਰਾਨ ਗੋਤਾਖੋਰਾਂ ਨੇ ਸ਼ਨੀਵਾਰ ਨੂੰ 8 ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਕਿਸ਼ਤੀ ’ਚ ਸਵਾਰ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਯਮੁਨਾ ਨਦੀ ’ਚ ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ. ਜਲ ਪੁਲਸ ਅਤੇ ਸਥਾਨਕ ਪੁਲਸ ਤੇ ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।