ਦੇਸ਼ ''ਚ ਜੰਕ ਫੂਡ ਦੇ ਇਸ਼ਤਿਹਾਰਾਂ ''ਤੇ ਲੱਗ ਸਕਦੀ ਹੈ ਪਾਬੰਦੀ, ਆਰਥਿਕ ਸਰਵੇਖਣ ਨੇ ਦਿੱਤੀ ਵੱਡੀ ਸਲਾਹ
Thursday, Jan 29, 2026 - 03:23 PM (IST)
ਨਵੀਂ ਦਿੱਲੀ: ਭਾਰਤ ਵਿੱਚ ਵਧ ਰਹੀ ਮੋਟਾਪੇ ਦੀ ਸਮੱਸਿਆ ਅਤੇ ਅਲਟਰਾ-ਪ੍ਰੋਸੈਸਡ ਫੂਡ (UPF) ਦੀ ਅੰਨ੍ਹੇਵਾਹ ਵਰਤੋਂ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਵੱਡਾ ਕਦਮ ਚੁੱਕਿਆ ਜਾ ਸਕਦਾ ਹੈ। ਲੋਕ ਸਭਾ 'ਚ ਪੇਸ਼ ਕੀਤੇ ਗਏ ਆਰਥਿਕ ਸਰਵੇਖਣ 'ਚ ਸਿਫਾਰਸ਼ ਕੀਤੀ ਗਈ ਹੈ ਕਿ ਵਧੇਰੇ ਚਰਬੀ, ਨਮਕ ਤੇ ਖੰਡ ਵਾਲੇ ਖਾਣ-ਪੀਣ ਵਾਲੇ ਪਦਾਰਥਾਂ ਦੇ ਇਸ਼ਤਿਹਾਰਾਂ 'ਤੇ ਸਵੇਰੇ 6 ਵਜੇ ਤੋਂ ਰਾਤ 11 ਵਜੇ ਤੱਕ ਪਾਬੰਦੀ ਲਗਾਈ ਜਾਵੇ।
ਬੱਚਿਆਂ 'ਚ ਵਧਦਾ ਮੋਟਾਪਾ ਚਿੰਤਾ ਦਾ ਵਿਸ਼ਾ
ਸਰਵੇਖਣ 'ਚ ਬੱਚਿਆਂ 'ਚ ਵਧ ਰਹੇ ਮੋਟਾਪੇ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਗਈ ਹੈ।
• ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ: ਸਾਲ 2015-16 ਵਿੱਚ ਜ਼ਿਆਦਾ ਭਾਰ ਵਾਲੇ ਬੱਚਿਆਂ ਦੀ ਗਿਣਤੀ 2.1 ਫੀਸਦੀ ਸੀ, ਜੋ 2019-21 ਵਿੱਚ ਵਧ ਕੇ 3.4 ਫੀਸਦੀ ਹੋ ਗਈ ਹੈ।
• ਭਵਿੱਖ ਦਾ ਖਤਰਾ: ਅੰਦਾਜ਼ੇ ਮੁਤਾਬਕ 2020 'ਚ ਭਾਰਤ ਦੇ 3.3 ਕਰੋੜ ਬੱਚੇ ਮੋਟਾਪੇ ਦਾ ਸ਼ਿਕਾਰ ਸਨ, ਜਿਨ੍ਹਾਂ ਦੀ ਗਿਣਤੀ 2035 ਤੱਕ 8.3 ਕਰੋੜ ਹੋਣ ਦੀ ਉਮੀਦ ਹੈ।
• ਬਾਲਗਾਂ ਦੀ ਸਥਿਤੀ: ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (NFHS) ਅਨੁਸਾਰ 24 ਫੀਸਦੀ ਭਾਰਤੀ ਔਰਤਾਂ ਅਤੇ 23 ਫੀਸਦੀ ਮਰਦ ਜ਼ਿਆਦਾ ਭਾਰ ਜਾਂ ਮੋਟਾਪੇ ਦੀ ਸਮੱਸਿਆ ਨਾਲ ਜੂਝ ਰਹੇ ਹਨ।
ਮੁੱਖ ਸਿਫਾਰਸ਼ਾਂ ਅਤੇ ਸੁਝਾਅ
ਆਰਥਿਕ ਸਰਵੇਖਣ ਨੇ ਸਿਰਫ ਇਸ਼ਤਿਹਾਰਾਂ 'ਤੇ ਪਾਬੰਦੀ ਦੀ ਗੱਲ ਹੀ ਨਹੀਂ ਕੀਤੀ, ਸਗੋਂ ਕਈ ਹੋਰ ਅਹਿਮ ਸੁਝਾਅ ਵੀ ਦਿੱਤੇ ਹਨ। ਜਿਵੇਂ...
1. ਡਿਜੀਟਲ ਮੀਡੀਆ 'ਤੇ ਨਕੇਲ: ਇਸ਼ਤਿਹਾਰਾਂ 'ਤੇ ਪਾਬੰਦੀ ਸਿਰਫ ਟੀਵੀ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਡਿਜੀਟਲ ਪਲੇਟਫਾਰਮਾਂ 'ਤੇ ਵੀ ਲਾਗੂ ਹੋਣੀ ਚਾਹੀਦੀ ਹੈ।
2. ਪੈਕਟਾਂ 'ਤੇ ਚਿਤਾਵਨੀ: ਖਾਣ-ਪੀਣ ਦੀਆਂ ਚੀਜ਼ਾਂ ਦੇ ਪੈਕਟਾਂ ਦੇ ਅਗਲੇ ਹਿੱਸੇ 'ਤੇ (Front-of-pack labeling) ਪੋਸ਼ਣ ਸੰਬੰਧੀ ਸਪੱਸ਼ਟ ਜਾਣਕਾਰੀ ਅਤੇ ਚਿਤਾਵਨੀ ਹੋਣੀ ਚਾਹੀਦੀ ਹੈ।
3. ਸਪਾਂਸਰਸ਼ਿਪ 'ਤੇ ਰੋਕ: ਸਕੂਲਾਂ ਅਤੇ ਕਾਲਜਾਂ ਦੇ ਪ੍ਰੋਗਰਾਮਾਂ ਵਿੱਚ ਜੰਕ ਫੂਡ ਕੰਪਨੀਆਂ ਦੀ ਸਪਾਂਸਰਸ਼ਿਪ 'ਤੇ ਵੀ ਰੋਕ ਲਗਾਉਣ ਦੀ ਸਲਾਹ ਦਿੱਤੀ ਗਈ ਹੈ।
4. ਸਿਹਤ ਨੀਤੀਆਂ ਦੀ ਰਾਖੀ: ਵਪਾਰਕ ਸਮਝੌਤੇ ਕਰਦੇ ਸਮੇਂ ਇਹ ਧਿਆਨ ਰੱਖਿਆ ਜਾਵੇ ਕਿ ਲੋਕਾਂ ਦੀ ਸਿਹਤ ਨਾਲ ਕੋਈ ਸਮਝੌਤਾ ਨਾ ਹੋਵੇ।
ਬਾਜ਼ਾਰ 'ਚ ਜੰਕ ਫੂਡ ਦਾ ਹੜ੍ਹ
ਰਿਪੋਰਟ ਮੁਤਾਬਕ ਭਾਰਤ ਦੁਨੀਆ 'ਚ ਅਲਟਰਾ-ਪ੍ਰੋਸੈਸਡ ਫੂਡ (ਜਿਵੇਂ ਬਰਗਰ, ਨੂਡਲਜ਼, ਪੀਜ਼ਾ, ਕੋਲਡ ਡਰਿੰਕਸ) ਲਈ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਬਾਜ਼ਾਰ ਬਣ ਗਿਆ ਹੈ। ਭਾਰਤ 'ਚ ਇਨ੍ਹਾਂ ਚੀਜ਼ਾਂ ਦੀ ਵਿਕਰੀ 2006 'ਚ 0.9 ਬਿਲੀਅਨ ਡਾਲਰ ਸੀ, ਜੋ 2019 ਤੱਕ 40 ਗੁਣਾ ਵਧ ਕੇ 38 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ।
ਮੌਜੂਦਾ ਨਿਯਮਾਂ 'ਚ ਕਮੀਆਂ
ਸਰਵੇਖਣ 'ਚ ਕਿਹਾ ਗਿਆ ਹੈ ਕਿ ਮੌਜੂਦਾ ਨਿਯਮ (ਜਿਵੇਂ ਕਿ CCPA ਦਿਸ਼ਾ-ਨਿਰਦੇਸ਼ 2022) ਗੁੰਮਰਾਹਕੁੰਨ ਇਸ਼ਤਿਹਾਰਾਂ ਨੂੰ ਰੋਕਣ ਦੀ ਗੱਲ ਤਾਂ ਕਰਦੇ ਹਨ, ਪਰ ਉਨ੍ਹਾਂ 'ਚ 'ਸਿਹਤਮੰਦ' ਜਾਂ 'ਗੁੰਮਰਾਹਕੁੰਨ' ਸ਼ਬਦਾਂ ਦੀ ਕੋਈ ਸਪੱਸ਼ਟ ਪਰਿਭਾਸ਼ਾ ਨਹੀਂ ਹੈ। ਇਸ ਦਾ ਫਾਇਦਾ ਉਠਾ ਕੇ ਕੰਪਨੀਆਂ ਆਪਣੇ ਉਤਪਾਦਾਂ ਨੂੰ 'ਹੈਲਥੀ' ਜਾਂ 'ਐਨਰਜੀ' ਨਾਲ ਭਰਪੂਰ ਦੱਸ ਕੇ ਪ੍ਰਚਾਰਦੀਆਂ ਹਨ।
ਅੰਤਰਰਾਸ਼ਟਰੀ ਮਿਸਾਲ: ਰਿਪੋਰਟ ਵਿੱਚ ਯੂਕੇ (UK), ਚਿਲੀ ਅਤੇ ਨਾਰਵੇ ਵਰਗੇ ਦੇਸ਼ਾਂ ਦੀ ਉਦਾਹਰਣ ਦਿੱਤੀ ਗਈ ਹੈ, ਜਿੱਥੇ ਪਹਿਲਾਂ ਹੀ ਜੰਕ ਫੂਡ ਦੇ ਇਸ਼ਤਿਹਾਰਾਂ 'ਤੇ ਸਖ਼ਤ ਪਾਬੰਦੀਆਂ ਲਾਗੂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
