ਮਾਂ ਨੇ ਦੋ ਪੁੱਤਾਂ ਦੀ ਗਲਾ ਘੁੱਟ ਕੇ ਕੀਤੀ ਹੱਤਿਆ, ਫਿਰ ਚੁੱਕਿਆ ਖੌਫਨਾਕ ਕਦਮ
Sunday, Jan 06, 2019 - 01:05 PM (IST)
ਬਲੀਆ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਦੇ ਰਸੜਾ ਖੇਤਰ ਵਿਚ ਇਕ ਔਰਤ ਨੇ ਗੁੱਸੇ ਵਿਚ ਆਪਣੇ ਦੋ ਬੱਚਿਆਂ ਦੀ ਹੱਤਿਆ ਕਰਨ ਮਗਰੋਂ ਟਰੇਨ ਅੱਗੇ ਆ ਕੇ ਖੁਦਕੁਸ਼ੀ ਕਰ ਲਈ। ਪੁਲਸ ਸੁਪਰਡੈਂਟ ਨੇ ਐਤਵਾਰ ਨੂੰ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਦੀ ਹੈ। ਮਹਤਵਾਰ ਪਿੰਡ ਵਿਚ ਸ਼ਨੀਵਾਰ ਦੀ ਰਾਤ ਨੂੰ 25 ਸਾਲਾ ਪਿੰਕੀ ਨੇ ਆਪਣੇ 5 ਅਤੇ 3 ਸਾਲ ਦੇ ਬੱਚਿਆਂ ਦੀ ਹੱਤਿਆ ਕਰ ਦਿੱਤੀ। ਉਸ ਤੋਂ ਬਾਅਦ ਉਹ ਰਾਤ ਕਰੀਬ 1.20 ਵਜੇ ਗੜੀਆ ਰੇਲਵੇ ਕ੍ਰਾਸਿੰਗ ਦੇ ਨੇੜੇ ਸੂਰਤ-ਮੁਜ਼ੱਫਰਪੁਰ ਐਕਸਪ੍ਰੈੱਸ ਟਰੇਨ ਅੱਗੇ ਆ ਕੇ ਖੁਦਕੁਸ਼ੀ ਕਰ ਲਈ।
ਉਨ੍ਹਾਂ ਨੇ ਦੱਸਿਆ ਕਿ ਪਿੰਕੀ ਨੇ ਆਪਣੇ ਦੋਹਾਂ ਪੁੱਤਰਾਂ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਹੱਤਿਆ ਕਰਨ ਮਗਰੋਂ ਉਸ ਨੇ ਦਰਵਾਜ਼ਾ ਬੰਦ ਕਰ ਦਿੱਤਾ ਸੀ। ਫਿਲਹਾਲ ਪੁਲਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪਿੰਕੀ ਦਾ ਸਹੁਰਾ ਸੇਤੂ ਨਿਗਮ ਭਦੋਹੀ ਵਿਚ ਵਰਕਰ ਸਨ। ਉਨ੍ਹਾਂ ਦੀ ਪਿਛਲੀ ਦਿਨੀਂ ਮੌਤ ਹੋ ਗਈ ਸੀ। ਪਿੰਕੀ ਦੀ ਇੱਛਾ ਸਹੁਰੇ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਥਾਂ ਨੌਕਰੀ ਕਰਨ ਦੀ ਸੀ ਪਰ ਪਰਿਵਾਰ ਵਾਲੇ ਇਸ ਲਈ ਤਿਆਰ ਨਹੀਂ ਸਨ। ਉਸ ਦਾ ਪਤੀ ਦੋ ਦਿਨ ਪਹਿਲਾਂ ਨੌਕਰੀ ਨਾਲ ਸਬੰਧਤ ਕਾਗਜਾਤ ਤਿਆਰ ਕਰਾਉਣ ਲਈ ਭਦੋਹੀ ਚਲਾ ਗਿਆ, ਇਸ ਤੋਂ ਬਾਅਦ ਉਹ ਗੁੱਸੇ ਵਿਚ ਸੀ। ਉਹ ਆਪਣੇ ਬੱਚਿਆਂ ਨੂੰ ਬਿਨਾਂ ਕਿਸੇ ਕਾਰਨ ਮਾਰ ਦੀ ਅਤੇ ਸੱਸ ਨਾਲ ਲੜਦੀ ਰਹਿੰਦੀ ਸੀ, ਜਿਸ ਕਾਰਨ ਗੁੱਸੇ ਵਿਚ ਆ ਕੇ ਉਸ ਨੇ ਅਜਿਹਾ ਕਦਮ ਚੁੱਕਿਆ।
