ਬਦਲਾਪੁਰ ਰੇਪ ਮਾਮਲੇ ''ਚ ਪੁਲਸ ਦੀ ਕਾਰਵਾਈ; ਪਹਿਲਾਂ ਅਕਸ਼ੇ ਦਾ ਐਨਕਾਊਂਟਰ, ਹੁਣ ਦੋਵੇਂ ਟਰੱਸਟੀ ਗ੍ਰਿਫਤਾਰ
Thursday, Oct 03, 2024 - 12:23 AM (IST)
ਨੈਸ਼ਨਲ ਡੈਸਕ - ਮਹਾਰਾਸ਼ਟਰ ਪੁਲਸ ਨੇ ਬਦਲਾਪੁਰ ਮਾਮਲੇ 'ਚ ਸਹਿ-ਦੋਸ਼ੀ ਤੁਸ਼ਾਰ ਆਪਟੇ ਅਤੇ ਉਦੈ ਕੋਤਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲਾ ਵਧਣ ਤੋਂ ਬਾਅਦ ਦੋਵੇਂ ਮੁਲਜ਼ਮ ਫਰਾਰ ਸਨ। ਪਿਛਲੇ ਸਾਲ 12 ਅਗਸਤ ਨੂੰ ਬਦਲਾਪੁਰ ਦੇ ਇੱਕ ਸਕੂਲ ਵਿੱਚ ਦੋ ਨਾਬਾਲਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਦਾ ਜਦੋਂ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਸੜਕਾਂ 'ਤੇ ਆ ਗਏ ਅਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਉਦੋਂ ਤੋਂ ਤੁਸ਼ਾਰ ਆਪਟੇ ਅਤੇ ਸਕੂਲ ਟਰੱਸਟੀ ਉਦੈ ਕੋਤਵਾਲ ਫਰਾਰ ਸਨ। ਹੁਣ ਦੋਵਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਮਾਮਲੇ ਦੇ ਮੁੱਖ ਮੁਲਜ਼ਮ ਅਕਸ਼ੈ ਸ਼ਿੰਦੇ ਦੇ ਐਨਕਾਊਂਟਰ ਤੋਂ ਬਾਅਦ ਵਿਰੋਧੀ ਧਿਰ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਦੇ ਫਰਾਰ ਹੋਣ 'ਤੇ ਨਿਸ਼ਾਨਾ ਸਾਧਿਆ ਸੀ। ਇਨ੍ਹਾਂ ਦੋਵਾਂ ਮੁਲਜ਼ਮਾਂ ਦੇ ਫਰਾਰ ਹੋਣ ਤੋਂ ਬਾਅਦ ਵਿਰੋਧੀ ਧਿਰ ਨੇ ਸੂਬੇ ਦੀ ਸ਼ਿੰਦੇ ਸਰਕਾਰ ਦੀ ਆਲੋਚਨਾ ਕੀਤੀ ਸੀ। ਆਖ਼ਰ ਡੇਢ ਮਹੀਨੇ ਬਾਅਦ ਪੁਲਸ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲ ਹੋ ਗਈ। ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਟੀਮ ਨੇ ਹੁਣੇ ਹੀ ਮੁਲਜ਼ਮਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਇਹ ਦੋਵੇਂ ਦੋਸ਼ੀ ਸਕੂਲ ਦੇ ਸਕੱਤਰ ਅਤੇ ਟਰੱਸਟੀ ਹਨ।
ਮੁਲਜ਼ਮ ਨੇ ਅਗਾਊਂ ਜ਼ਮਾਨਤ ਲਈ ਦਿੱਤੀ ਸੀ ਅਰਜ਼ੀ
ਘਟਨਾ ਤੋਂ ਬਾਅਦ ਸਬੰਧਤ ਸਕੂਲ ਦੇ ਟਰੱਸਟੀ ਉਦੈ ਕੋਤਵਾਲ ਅਤੇ ਸਕੱਤਰ ਤੁਸ਼ਾਰ ਆਪਟੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਦੋਵੇਂ ਫਰਾਰ ਹੋ ਗਏ। ਐੱਸ.ਆਈ.ਟੀ., ਠਾਣੇ ਕ੍ਰਾਈਮ ਬ੍ਰਾਂਚ ਅਤੇ ਭਿਵੰਡੀ ਕ੍ਰਾਈਮ ਬ੍ਰਾਂਚ ਦੀ ਟੀਮ ਇਨ੍ਹਾਂ ਦੋਹਾਂ ਦੋਸ਼ੀਆਂ ਦੀ ਭਾਲ ਕਰ ਰਹੀ ਸੀ, ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਦੂਜੇ ਪਾਸੇ ਦੋਵਾਂ ਮੁਲਜ਼ਮਾਂ ਵੱਲੋਂ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਗਈ ਸੀ ਪਰ ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤੀ ਸੀ।