ਸਕੂਲ ''ਚ ਦੋ ਮਾਸੂਮ ਬੱਚੀਆਂ ਨਾਲ ਜਿਨਸੀ ਸ਼ੋਸ਼ਣ, ਲੋਕਾਂ ਨੇ ਜਾਮ ਕੀਤਾ ਰੇਲਵੇ ਟਰੈੱਕ
Tuesday, Aug 20, 2024 - 03:57 PM (IST)

ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਬਦਲਾਪੁਰ ਸਥਿਤ ਇਕ ਸਕੂਲ ਦੀਆਂ ਦੋ ਮਾਸੂਮ ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਨੂੰ ਲੈ ਕੇ ਮਾਹੌਲ ਗਰਮਾ ਗਿਆ। ਇਸ ਘਟਨਾ ਤੋਂ ਗੁੱਸੇ ਵਿਚ ਆਏ ਲੋਕਾਂ ਨੇ ਸਕੂਲ ਦੇ ਸਾਹਮਣੇ ਮੰਗਲਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ। ਵੇਖਦੇ ਹੀ ਵੇਖਦੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਗਿਣਤੀ ਵੱਧਦੀ ਗਈ। ਘਟਨਾ ਦੇ ਵਿਰੋਧ ਵਿਚ ਵੱਡੀ ਗਿਣਤੀ ਵਿਚ ਮਾਪੇ ਅਤੇ ਸਥਾਨਕ ਲੋਕ ਸਕੂਲ ਗੇਟ 'ਤੇ ਇਕੱਠੇ ਹੋ ਗਏ ਅਤੇ ਸਕੂਲ ਦੀ ਲਾਪ੍ਰਵਾਹੀ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ। ਗੁੱਸਾ ਜ਼ਾਹਰ ਕਰਦੇ ਹੋਏ ਲੋਕ ਰੈਲਵੇ ਟਰੈੱਕ 'ਤੇ ਉਤਰ ਆਏ ਅਤੇ ਨਾਅਰੇਬਾਜ਼ੀ ਕਰਨ ਲੱਗੇ। ਇਸ ਦੌਰਾਨ ਪੁਲਸ ਦੇ ਜਵਾਨਾਂ ਨੇ ਭੀੜ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ਨੇ ਪਥਰਾਅ ਸ਼ੁਰੂ ਕਰ ਦਿੱਤਾ। ਪੁਲਸ ਅਤੇ ਅਧਿਕਾਰੀ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ 'ਚ ਸਫ਼ਲ ਨਹੀਂ ਹੋਏ ਹਨ। ਘਟਨਾ ਦੇ ਵਿਰੋਧ ਵਿਚ ਕਈ ਸੰਗਠਨਾਂ ਨੇ ਬਦਲਾਪੁਰ ਬੰਦ ਕਰਨ ਦੀ ਅਪੀਲ ਕੀਤੀ।
ਰੇਲ ਪਟੜੀਆਂ 'ਤੇ ਪ੍ਰਦਰਸ਼ਨ ਕਾਰਨ ਰੇਲਾਂ ਦੀ ਆਵਾਜਾਈ 'ਤੇ ਅਸਰ ਪਿਆ ਹੈ। ਰੇਲਵੇ ਟਰੈੱਕ 'ਤੇ ਇਕੱਠੇ ਲੋਕਾਂ ਨੂੰ ਹਟਾਉਣ ਲਈ ਪੁਲਸ ਨੇ ਹੰਝੂ ਗੈਸ ਦੇ ਗੋਲੇ ਛੱਡੇ, ਕਿਉਂਕਿ ਲੋਕਾਂ ਅਤੇ ਪੁਲਸ ਵਿਚਾਲੇ ਝੜਪ ਹੋ ਗਈ ਸੀ। ਲੋਕਾਂ ਨੇ ਪੁਲਸ ਬਲ 'ਤੇ ਪਥਰਾਅ ਕਰ ਦਿੱਤਾ। ਬੱਚੀਆਂ ਨਾਲ ਜਿਨਸੀ ਸ਼ੋਸ਼ਣ ਦਾ ਇਹ ਮਾਮਲਾ ਭੱਖਦਾ ਜਾ ਰਿਹਾ ਹੈ। ਓਧਰ ਮਹਾਰਾਸ਼ਟਰ ਸਰਕਾਰ ਨੇ ਇਸ ਮਾਮਲੇ ਨੂੰ ਲੈ ਕੇ ਵਿਸ਼ੇਸ਼ ਜਾਂਚ ਦਲ (SIT) ਦਾ ਗਠਨ ਕਰਨ ਦਾ ਆਦੇਸ਼ ਦਿੱਤਾ ਹੈ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਮੈਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। SIT ਨੂੰ ਆਈ. ਜੀ. ਰੈਂਕ ਦੀ ਸੀਨੀਅਰ IPS ਅਫ਼ਸਰ ਆਰਤੀ ਸਿੰਘ ਲੀਡ ਕਰੇਗੀ। ਮੁੱਖ ਮੰਤਰੀ ਨੇ ਦੱਸਿਆ ਕਿ ਠਾਣੇ ਪੁਲਸ ਕਮਿਸ਼ਨਰ ਨੂੰ ਮਾਮਲੇ ਦੀ ਸੁਣਵਾਈ ਫਾਸਟ ਟਰੈੱਕ ਅਦਾਲਤ ਵਿਚ ਕਰਨ ਲਈ ਪ੍ਰਸਤਾਵ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ।
ਦੱਸ ਦੇਈਏ ਕਿ ਪੁਲਸ ਨੇ 17 ਅਗਸਤ ਨੂੰ ਬਦਲਾਪੁਰ ਦੇ ਇਕ ਸਕੂਲ ਅਟੈਂਡੇਂਟ ਨੂੰ 3 ਅਤੇ 4 ਸਾਲ ਦੀਆਂ ਦੋ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਸੀ। ਸ਼ਿਕਾਇਤ ਮੁਤਾਬਕ ਉਸ ਨੇ ਸਕੂਲ ਦੇ ਪਖ਼ਾਨੇ ਵਿਚ ਬੱਚੀ ਦਾ ਜਿਨਸੀ ਸ਼ੋਸ਼ਣ ਕੀਤਾ। ਸਕੂਲ ਪ੍ਰਬੰਧਨ ਨੇ ਇਸ ਘਟਨਾ ਨੂੰ ਲੈ ਕੇ ਪ੍ਰਿੰਸੀਪਲ, ਇਕ ਕਲਾਸ ਟੀਚਰ ਅਤੇ ਇਕ ਮਹਿਲਾ ਅਟੈਂਡੇਂਟ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਘਟਨਾ ਬਾਅਦ ਮਾਤਾ-ਪਿਤਾ ਅਤੇ ਕਈ ਔਰਤਾਂ ਸਮੇਤ ਹੋਰ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।