ਚੌਟਾਲਾ ਪਰਿਵਾਰ ਨੇ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ''ਤੇ ਪ੍ਰਗਟਾਇਆ ਦੁੱਖ

04/26/2023 12:12:29 PM

ਚੰਡੀਗੜ੍ਹ/ਹਰਿਆਣਾ- ਬਾਦਲ ਪਰਿਵਾਰ ਨਾਲ ਨੇੜਲੇ ਸਬੰਧ ਰੱਖਣ ਵਾਲੇ ਹਰਿਆਣਾ ਦੇ ਚੌਟਾਲਾ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੂੰ ਸਾਹ ਲੈਣ ਵਿਚ ਤਕਲੀਫ਼ ਦੀ ਸ਼ਿਕਾਇਤ ਤੋਂ ਬਾਅਦ ਇਕ ਹਫ਼ਤਾ ਪਹਿਲਾਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਮੰਗਲਵਾਰ ਰਾਤ ਕਰੀਬ 8 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਹ 95 ਸਾਲ ਦੇ ਸਨ।

ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੀਨੀਅਰ ਨੇਤਾ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਸ. ਬਾਦਲ ਸਾਡੇ ਪਰਿਵਾਰ ਦੇ ਮੁਖੀ ਸਨ। ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਪੁੱਤਰ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਅਸੀਂ ਉਨ੍ਹਾਂ ਦੇ ਦਿਹਾਂਤ ਤੋਂ ਸਦਮੇ 'ਚ ਅਤੇ ਡੂੰਘੇ ਦੁੱਖ 'ਚ ਹਾਂ। ਪਿਛਲੇ 5 ਦਹਾਕਿਆਂ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਾਡੇ ਪਰਿਵਾਰ ਨਾਲ ਅਟੁੱਟ ਰਿਸ਼ਤਾ ਰਿਹਾ।

ਹਰਿਆਣਾ ਅਤੇ ਪੰਜਾਬ ਦੇ ਦੋ ਤਾਕਤਵਰ ਸਿਆਸੀ ਪਰਿਵਾਰਾਂ ਚੌਟਾਲਾ ਅਤੇ ਬਾਦਲਾਂ ਵਿਚਾਲੇ ਲੰਬੇ ਸਮੇਂ ਤੋਂ ਨਜ਼ਦੀਕੀ ਸਬੰਧ ਰਹੇ ਹਨ। ਬਾਦਲ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਨਜ਼ਦੀਕੀ ਮਿੱਤਰ ਸਨ, ਜੋ 'ਤਾਊ' ਦੇਵੀ ਲਾਲ ਦੇ ਨਾਂ ਨਾਲ ਮਸ਼ਹੂਰ ਸਨ। ਬਾਦਲ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਵੀ ਕਰੀਬੀ ਦੋਸਤ ਸਨ। ਇਨੈਲੋ ਆਗੂ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਦੇਵੀਲਾਲ ਅਤੇ ਬਾਦਲ ਨੇ ਮਿਲ ਕੇ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਨੂੰ ਬਚਾਉਣ ਲਈ ਲੰਮਾ ਸੰਘਰਸ਼ ਕੀਤਾ।

ਦੋਵੇਂ ਆਗੂ ਐਮਰਜੈਂਸੀ ਦੌਰਾਨ ਜੇਲ੍ਹ ਵੀ ਗਏ ਸਨ। ਦੇਵੀਲਾਲ ਦੇ ਪੜਪੋਤੇ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸ. ਬਾਦਲ ਦਾ ਦਿਹਾਂਤ ਪੂਰੇ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪੰਜਾਬ ਦੀ ਸਿਆਸਤ ਦੇ ਦਿੱਗਜ ਨੇਤਾ ਬਾਦਲ ਪਹਿਲੀ ਵਾਰ 1970 ਵਿਚ ਮੁੱਖ ਮੰਤਰੀ ਬਣੇ ਅਤੇ ਇਕ ਗੱਠਜੋੜ ਸਰਕਾਰ ਦੀ ਅਗਵਾਈ ਕੀਤੀ, ਜਿਸ ਨੇ ਆਪਣਾ ਕਾਰਜਕਾਲ ਪੂਰਾ ਨਹੀਂ ਕੀਤਾ। ਇਸ ਤੋਂ ਬਾਅਦ ਉਹ 1977-80, 1997-2002, 2007-12 ਅਤੇ 2012-2017 ਵਿਚ ਸੂਬੇ ਦੇ ਮੁੱਖ ਮੰਤਰੀ ਵੀ ਰਹੇ। ਆਪਣੇ ਸਿਆਸੀ ਜੀਵਨ ਦੇ ਅਖ਼ੀਰ 'ਚ ਬਾਦਲ ਨੇ ਅਕਾਲੀ ਦਲ ਦੀ ਵਾਗਡੋਰ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੀ ਸੀ।


Tanu

Content Editor

Related News