ਅਯੁੱਧਿਆ ਦੇ ਸ੍ਰੀ ਸੀਤਾ ਰਾਮ ਮੰਦਰ ''ਚ ਹੋਈ ਇਫ਼ਤਾਰ ਪਾਰਟੀ, ਸਾਰੇ ਧਰਮਾਂ ਦੇ ਲੋਕ ਬੈਠੇ ਇਕੱਠੇ

Tuesday, May 21, 2019 - 10:10 AM (IST)

ਅਯੁੱਧਿਆ ਦੇ ਸ੍ਰੀ ਸੀਤਾ ਰਾਮ ਮੰਦਰ ''ਚ ਹੋਈ ਇਫ਼ਤਾਰ ਪਾਰਟੀ, ਸਾਰੇ ਧਰਮਾਂ ਦੇ ਲੋਕ ਬੈਠੇ ਇਕੱਠੇ

ਅਯੁੱਧਿਆ— ਰਮਜ਼ਾਨ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ, ਇਸ ਪਵਿੱਤਰ ਮਹੀਨੇ ਅਯੁੱਧਿਆ 'ਚ ਹਿੰਦੂ ਮੁਸਲਿਮ ਏਕਤਾ ਅਤੇ ਫਿਰਕੂ ਸਦਭਾਵਨਾ ਦੀ ਮਿਸਾਲ ਪੇਸ਼ ਕੀਤੀ ਗਈ ਹੈ। ਇੱਥੇ ਵਿਵਾਦਿਤ ਜਗ੍ਹਾ ਦੇ ਕਰੀਬ ਸਥਿਤ ਸਰਊ ਕੁੰਜ ਮੰਦਰ 'ਚ ਰੋਜ਼ਾ ਇਫਤਾਰ ਪਾਰਟੀ ਕਰਵਾਈ ਗਈ ਹੈ। ਸ਼੍ਰੀ ਸੀਤਾ ਰਾਮ ਮੰਦਰ ਦੇ ਕੈਂਪਸ 'ਚ ਆਯੋਜਿਤ ਇਫ਼ਤਾਰ ਪਾਰਟੀ 'ਚ ਸਾਰੇ ਧਰਮਾਂ ਦੇ ਲੋਕ ਇਕੱਠੇ ਬੈਠੇ। ਇਸ ਇਫ਼ਤਾਰ ਪਾਰਟੀ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਉੱਥੇ ਰਹਿਣ ਵਾਲੇ ਸਾਧੂ-ਸੰਤ ਅਤੇ ਸਿੱਖ ਸਮਾਜ ਦੇ ਲੋਕਾਂ ਨੇ ਵੀ ਹਿੱਸਾ ਲਿਆ। ਜਾਣਕਾਰੀ ਅਨੁਸਾਰ ਸੋਮਵਾਰ ਦੀ ਸ਼ਾਮ ਇਸ ਇਫ਼ਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਫ਼ਤਾਰ ਤੋਂ ਬਾਅਦ ਮੰਦਰ ਕੋਲ ਬਣੇ ਇਕ ਅਹਾਤੇ 'ਚ ਮਗਰਿਬ ਦੀ ਨਮਾਜ਼ ਅਦਾ ਕੀਤੀ ਗਈ। ਨਮਾਜ਼ ਦੀ ਇਮਾਮਤ ਜਲਾਲ ਸਿੱਦੀਕੀ ਵਲੋਂ ਕੀਤੀ ਗਈ।

ਤੀਜੀ ਵਾਰ ਕਰਵਾਇਆ ਇਫ਼ਤਾਰ ਪਾਰਟੀ ਦਾ ਆਯੋਜਨ
ਇਕ ਨਿਊਜ਼ ਏਜੰਸੀ ਨੂੰ ਮੰਦਰ ਦੇ ਪੁਜਾਰੀ ਯੁਗਲ ਕਿਸ਼ੋਰ ਨੇ ਦੱਸਿਆ ਕਿ ਇੱਥੇ ਤੀਜੀ ਵਾਰ ਇਫ਼ਤਾਰ ਪਾਰਟੀ ਦਾ ਆਯੋਜਨ ਅਸੀਂ ਕਰਵਾਇਆ ਹੈ। ਅੱਗੇ ਵੀ ਅਜਿਹਾ ਹੀ ਕਰਦਾ ਰਹਾਂਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹਰ ਤਿਉਹਾਰ ਨੂੰ ਬਹੁਤ ਉਤਸ਼ਾਹ ਨਾਲ ਮਨਾਉਣਾ ਚਾਹੀਦਾ। ਸਰਊ ਕੁੰਜ ਦੇ ਮਹੰਤ ਯੁਗਲ ਕਿਸ਼ੋਰ ਸ਼ਰਨ ਅਨੁਸਾਰ, ਇਫ਼ਤਾਰ ਪਾਰਟੀ ਦਾ ਮਕਸਦ ਕੌਮੀ ਏਕਤਾ ਨੂੰ ਮਜ਼ਬੂਤ ਕਰਵਾਉਣਾ ਹੈ। ਇਫ਼ਤਾਰ ਪਾਰਟੀ 'ਚ ਸ਼ਾਮਲ ਹੋਏ ਮੁਜਮਿਲ ਫਿਜ਼ਾ ਨੇ ਕਿਹਾ ਕਿ ਉਹ ਹਰ ਸਾਲ ਨੌਰਾਤੇ ਆਪਣੇ ਹਿੰਦੂ ਭਰਾਵਾਂ ਨਾਲ ਮਨਾਉਂਦੇ ਹਨ, ਇਕ ਏਜੰਡਾ ਵਾਲੇ ਲੋਕ ਨਹੀਂ ਚਾਹੁੰਦੇ ਹਨ ਕਿ ਅਸੀਂ ਸਾਰੇ ਇਕੱਠੇ ਆਈਏ ਅਤੇ ਹਰ ਤਿਉਹਾਰ ਨੂੰ ਨਾਲ ਮਿਲ ਕੇ ਮਨਾਈਏ।


author

DIsha

Content Editor

Related News