ਅਯੁੱਧਿਆ ਮਾਮਲੇ ਨੂੰ ਹੁਣ ਅੱਗੇ ਵਧਾਉਣ ਠੀਕ ਨਹੀਂ : ਸਈਅਦ ਬੁਖਾਰੀ

11/09/2019 5:51:32 PM

ਨਵੀਂ ਦਿੱਲੀ— ਦਿੱਲੀ ਸਥਿਤ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਈਅਦ ਅਹਿਮਦ ਬੁਖਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਅਯੁੱਧਿਆ ਮਾਮਲੇ ਨੂੰ ਹੁਣ ਅੱਗੇ ਨਹੀਂ ਵਧਾਉਣਾ ਚਾਹੀਦਾ ਅਤੇ ਸੁਪਰੀਮ ਕੋਰਟ ਦੇ ਫੈਸਲੇ ਵਿਰੁੱਧ ਮੁੜ ਵਿਚਾਰ ਪਟੀਸ਼ਨ ਦਾਇਰ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਇਹ ਉਮੀਦ ਵੀ ਜ਼ਾਹਰ ਕੀਤੀ ਕਿ ਦੇਸ਼ 'ਚ ਫਿਰਕੂ ਤਣਾਅ ਲਈ ਜਗ੍ਹਾ ਨਹੀਂ ਹੋਵੇਗੀ ਅਤੇ ਅੱਗੇ ਤੋਂ ਅਜਿਹੇ ਮੁੱਦਿਆਂ ਨੂੰ ਹਵਾ ਨਹੀਂ ਦਿੱਤੀ ਜਾਵੇਗੀ।

134 ਸਾਲ ਤੋਂ ਚੱਲ ਰਹੇ ਵਿਵਾਦ ਦਾ ਹੋਇਆ ਅੰਤ
ਬੁਖਾਰੀ ਨੇ ਕਿਹਾ,''ਮੈਂ ਪਹਿਲਾਂ ਵੀ ਕਿਹਾ ਸੀ ਕਿ ਦੇਸ਼ ਕਾਨੂੰਨ ਅਤੇ ਸੰਵਿਧਾਨ ਦੇ ਅਮਲ 'ਤੇ ਚੱਲਦਾ ਹੈ। 134 ਸਾਲ ਤੋਂ ਚੱਲ ਰਹੇ ਵਿਵਾਦ ਦਾ ਅੰਤ ਹੋਇਆ। 5 ਮੈਂਬਰੀ ਬੈਂਚ ਨੇ ਫੈਸਲਾ ਲਿਆ। ਗੰਗਾ ਜਮੁਨੀ ਸੰਸਕ੍ਰਿਤੀ ਅਤੇ ਸਦਭਾਵਨਾ ਨੂੰ ਦੇਖਦੇ ਹੋਏ ਕਿਹਾ ਕਿ ਇਹ ਕੋਸ਼ਿਸ਼ ਕਰਨੀ ਹੋਵੇਗੀ ਕਿ ਅੱਗੇ ਦੇਸ਼ ਨੂੰ ਇਸ ਤਰ੍ਹਾਂ ਦੇ ਵਿਵਾਦ ਤੋਂ ਨਾ ਲੰਘਣਾ ਪਵੇ।''

ਹਿੰਦੂ-ਮੁਸਲਿਮ ਦੀ ਗੱਲ ਬੰਦ ਹੋਵੇ
ਉਨ੍ਹਾਂ ਨੇ ਕਿਹਾ,''ਦੇਸ਼ ਸੰਵਿਧਾਨ ਦੇ ਅਧੀਨ ਚੱਲੇ, ਕਾਨੂੰਨ ਅਮਲ ਹੁੰਦਾ ਰਹੇ, ਫਿਰਕੂ ਤਣਾਅ ਨਾ ਹੋਵੇ ਅਤੇ ਸਮਾਜ ਨਾ ਵੰਡੇ, ਇਸ ਲਈ ਸਾਰਿਆਂ ਨੂੰ ਆਪਣੀ ਭੂਮਿਕਾ ਅਦਾ ਕਰਨੀ ਹੋਵੇਗੀ। ਹਿੰਦੂ-ਮੁਸਲਿਮ ਦੀ ਗੱਲ ਬੰਦ ਹੋਣੀ ਚਾਹੀਦੀ ਹੈ ਅਤੇ ਦੇਸ਼ ਨੂੰ ਅੱਗੇ ਵਧਾਉਣ ਲਈ ਸਾਰੇ ਮਿਲ ਕੇ ਚੱਲਣ।''

ਦੇਸ਼ ਸਦਭਾਵਨਾ ਨਾਲ ਵਧੇ ਅੱਗੇ
ਸ਼ਾਹੀ ਇਮਾਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਦੇਸ਼ ਸਦਭਾਵਨਾ ਵੱਲ ਅੱਗੇ ਵਧੇਗਾ। ਫੈਸਲੇ ਵਿਰੁੱਧ ਅਪੀਲ ਨਾਲ ਜੁੜੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਬਿਆਨ ਬਾਰੇ ਪੁੱਛੇ ਜਾਣ 'ਤੇ ਬੁਖਾਰੀ ਨੇ ਕਿਹਾ,''ਮੇਰੀ ਆਪਣੀ ਰਾਏ ਹੈ ਕਿ ਮਾਮਲੇ ਨੂੰ ਜ਼ਿਆਦਾ ਵਧਾਉਣਾ ਉੱਚਿਤ ਨਹੀਂ ਹੈ। ਮੁੜ ਵਿਚਾਰ ਲਈ ਸੁਪਰੀਮ ਕੋਰਟ 'ਚ ਜਾਣਾ ਬਿਹਤਰ ਨਹੀਂ ਹੈ।'' ਉਨ੍ਹਾਂ ਨੇ ਕਿਹਾ ਕਿ ਮੁਸਲਿਮ ਭਾਈਚਾਰਾ ਪਹਿਲਾਂ ਤੋਂ ਕਹਿੰਦਾ ਰਿਹਾ ਹੈ ਕਿ ਉਹ ਫੈਸਲੇ ਦਾ ਸਨਮਾਨ ਕਰੇਗਾ ਅਤੇ ਹੁਣ ਫੈਸਲਾ ਆਉਣ ਤੋਂ ਬਾਅਦ ਇਸ ਨਾਲ ਸਹਿਮਤ ਹੈ।


DIsha

Content Editor

Related News