ਅਯੁੱਧਿਆ ਹਨੂੰਮਾਨਗੜ੍ਹੀ ’ਚ ਟੁੱਟੀ 121 ਸਾਲ ਪੁਰਾਣੀ ਰਵਾਇਤ, ਰਾਮ ਲੱਲਾ ਦੇ ਦਰਸ਼ਨਾਂ ਲਈ ਰਾਮ ਮੰਦਰ ਪਹੁੰਚੇ ਮਹੰਤ
Wednesday, Apr 30, 2025 - 09:46 PM (IST)

ਅਯੁੱਧਿਆ- ਅਯੁੱਧਿਆ ਵਿਚ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਬੁੱਧਵਾਰ ਨੂੰ ਹਨੂੰਮਾਨਗੜ੍ਹੀ ਦੇ ਗੱਦੀਨਸ਼ੀਨ ਮਹੰਤ ਪ੍ਰੇਮਦਾਸ ਨੇ 121 ਸਾਲ ਪੁਰਾਣੀ ਰਵਾਇਤ ਨੂੰ ਸੰਤਾਂ ਦੀ ਸਹਿਮਤੀ ਮਿਲਣ ਤੋਂ ਬਾਅਦ ਤੋੜ ਦਿੱਤਾ। ਇਸ ਦੇ ਨਾਲ ਹਨੂੰਮਾਨਗੜ੍ਹੀ ਦਾ ਕੋਈ ਗੱਦੀਨਸ਼ੀਨ ਮਹੰਤ 1904 ਤੋਂ ਬਾਅਦ ਪਹਿਲੀ ਵਾਰ 52 ਵਿੱਘੇ ਦੇ ਘੇਰੇ ਤੋਂ ਬਾਹਰ ਨਿਕਲਿਆ ਹੈ। ਮਹੰਤ ਪ੍ਰੇਮਦਾਸ ਨੇ ਨਾ ਸਿਰਫ਼ ਰਾਮ ਲੱਲਾ ਦੇ ਦਰਸ਼ਨ ਕੀਤੇ ਸਗੋਂ ਰਾਮ ਮੰਦਰ ਦੀ ਅੰਦਰੂਨੀ ਗ੍ਰਹਿ ਪਰਿਕਰਮਾ ਦਾ ਉਦਘਾਟਨ ਵੀ ਕੀਤਾ। ਰਾਮ ਮੰਦਰ ਦੀ ਉਸਾਰੀ ਤੋਂ ਬਾਅਦ ਪਹਿਲੀ ਵਾਰ ਵੀ. ਵੀ. ਆਈ. ਪੀ. ਲਈ ਪਰਿਕਰਮਾ ਖੋਲ੍ਹੀ ਗਈ ਹੈ। ਗੱਦੀਨਸ਼ੀਨ ਮਹੰਤ ਸਮੇਤ ਹੋਰ ਸੰਤਾਂ-ਮਹੰਤਾਂ ਨੇ ਰਾਮ ਰੱਖਿਆ ਸਤੁਤੀ ਦਾ ਪਾਠ ਕੀਤਾ।
ਰਾਮ ਲੱਲਾ ਨੂੰ 56 ਭੋਗ ਵੀ ਲਗਾਏ ਗਏ। ਇਸ ਤੋਂ ਪਹਿਲਾਂ ਹਨੂੰਮਾਨਗੜ੍ਹੀ ਅਖਾੜੇ ਦੇ ਨਿਸ਼ਾਨ ਨਾਲ ਗੱਦੀਨਸ਼ੀਨ ਮਹੰਤ ਪ੍ਰੇਮ ਦਾਸ ਦੀ ਸ਼ੋਭਾ ਯਾਤਰਾ ਕੱਢੀ ਗਈ। ਇਸ ਦਾ ਹਰ ਪਾਸੇ ਸਵਾਗਤ ਹੋਇਆ। ਹਨੂੰਮਾਨਗੜ੍ਹੀ ਦੇ ਨਿਯਮਾਂ ਅਨੁਸਾਰ ਗੱਦੀਨਸ਼ੀਨ ਮਹੰਤ ਆਪਣੀ ਪੂਰੀ ਜ਼ਿੰਦਗੀ ਲਈ ਕੰਪਲੈਕਸ ਦੇ 52 ਵਿੱਘੇ ਦੇ ਘੇਰੇ ਤੋਂ ਬਾਹਰ ਨਹੀਂ ਨਿਕਲ ਸਕਦੇ। ਇਸ ਨਿਯਮ ਕਾਰਨ ਮਹੰਤ ਪ੍ਰੇਮ ਦਾਸ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਵੀ ਰਾਮ ਲੱਲਾ ਦੇ ਦਰਸ਼ਨ ਨਹੀਂ ਕਰ ਸਕੇ ਸਨ ਅਤੇ ਉਹ ਦਰਸ਼ਨ ਕਰਨ ਲਈ ਉਤਸੁਕ ਸਨ। ਪਿਛਲੇ ਦਿਨੀਂ ਮਹੰਤ ਦੀ ਇੱਛਾ ਨੂੰ ਲੈ ਕੇ ਨਿਰਵਾਣੀ ਅਖਾੜੇ ਦੇ ਪੰਚਾਂ ਨੇ ਮੀਟਿੰਗ ਕੀਤੀ ਅਤੇ ਸਰਬਸੰਮਤੀ ਨਾਲ ਦਰਸ਼ਨ ਦੀ ਆਗਿਆ ਦੇ ਦਿੱਤੀ। ਇਹ ਫੈਸਲਾ ਕੀਤਾ ਗਿਆ ਸੀ ਕਿ ਅਕਸ਼ੈ ਤ੍ਰਿਤੀਆ ਦੇ ਸ਼ੁਭ ਮੌਕੇ ’ਤੇ ਮਹੰਤ ਰਾਮ ਲੱਲਾ ਦੇ ਦਰਸ਼ਨ ਕਰਨਗੇ।