ਕੋਵਿਡ-19 ਕਾਰਨ 17 ਸਾਲ ਪਿੱਛੇ ਚੱਲਾ ਗਿਆ ਹਵਾਬਾਜ਼ੀ ਖੇਤਰ, ਪਿਆ ਵੱਡਾ ਘਾਟਾ

Sunday, Jan 17, 2021 - 03:29 PM (IST)

ਕੋਵਿਡ-19 ਕਾਰਨ 17 ਸਾਲ ਪਿੱਛੇ ਚੱਲਾ ਗਿਆ ਹਵਾਬਾਜ਼ੀ ਖੇਤਰ, ਪਿਆ ਵੱਡਾ ਘਾਟਾ

ਨਵੀਂ ਦਿੱਲੀ— ਕੋਵਿਡ-19 ਮਹਾਮਾਰੀ ਕਾਰਨ ਉਡਾਣਾਂ ’ਤੇ ਲੱਗੀ ਪਾਬੰਦੀ ਦੀ ਵਜ੍ਹਾ ਕਰ ਕੇ ਪਿਛਲੇ ਸਾਲ ਹਵਾਈ ਯਾਤਰੀਆਂ ਦੀ ਗਿਣਤੀ ’ਚ 60 ਫ਼ੀਸਦੀ ਦੀ ਗਿਰਾਵਟ ਦੇਖੀ ਗਈ ਅਤੇ ਇਹ ਘੱਟ ਕੇ ਸਾਲ 2003 ਦੇ ਪੱਧਰ ’ਤੇ ਆ ਗਈ। ਸੰਯੁਕਤ ਰਾਸ਼ਟਰ ਦੀ ਇਕਾਈ ਕੌਮਾਂਤਰੀ ਸਿਵਲ ਹਵਾਬਾਜ਼ੀ ਸੰਗਠਨ ਨੇ ਪਿਛਲੇ ਹਫ਼ਤੇ ਕੋਵਿਡ-19 ਦੇ ਆਰਥਿਕ ਪ੍ਰਭਾਵ ਦਾ ਵਿਸ਼ਲੇਸ਼ਣ ਜਾਰੀ ਕੀਤਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ 2020 ’ਚ ਹਵਾਈ ਯਾਤਰੀਆਂ ਦੀ ਗਿਣਤੀ ’ਚ 60 ਫ਼ੀਸਦੀ ਦੀ ਗਿਰਾਵਟ ਰਹੀ, ਜੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਕਦੇ ਨਹੀਂ ਵੇਖੀ ਗਈ। ਪਿਛਲੇ ਸਾਲ 1.8 ਅਰਬ ਲੋਕਾਂ ਨੇ ਹਵਾਈ ਯਾਤਰਾ ਕੀਤੀ, ਜਦਕਿ ਸਾਲ 2019 ’ਚ ਇਹ ਅੰਕੜਾ 4.5 ਅਰਬ ਰਿਹਾ ਸੀ। ਇਸ ਪ੍ਰਕਾਰ ਹਵਾਈ ਯਾਤਰੀਆਂ ਦੀ ਗਿਣਤੀ 2003 ਤੋਂ ਬਾਅਦ ਹੇਠਲੇ ਪੱਧਰ ’ਤੇ ਆ ਗਈ ਹੈ।

ਕੌਮਾਂਤਰੀ ਸਿਵਲ ਹਵਾਬਾਜ਼ੀ ਸੰਗਠਨ ਨੇ ਕਿਹਾ ਹੈ ਕਿ ਇਸ ਨਾਲ ਜਹਾਜ਼ ਸੇਵਾ ਕੰਪਨੀਆਂ ਨੂੰ 370 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਨਾਲ ਹੀ ਹਵਾਈ ਅੱਡਾ ਸੰਚਾਲਕਾਂ ਨੂੰ 115 ਅਰਬ ਡਾਲਰ ਅਤੇ ਏਅਰ ਨੇਵੀਗੇਸ਼ਨ ਸੇਵਾ ਦੇਣ ਵਾਲੀਆਂ ਏਜੰਸੀਆਂ ਨੂੰ 13 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਘਰੇਲੂ ਹਵਾਬਾਜ਼ੀ ਸੇਵਾਵਾਂ ਦੀ ਤੁਲਨਾ ’ਚ ਕੌਮਾਂਤਰੀ ਸੇਵਾਵਾਂ ਕੋਵਿਡ-19 ਮਹਾਮਾਰੀ ਤੋਂ ਵਧੇਰੇ ਪ੍ਰਭਾਵਿਤ ਹੋਈਆਂ ਹਨ। ਘਰੇਲੂ ਮਾਰਗਾਂ ’ਤੇ ਯਾਤਰੀਆਂ ਦੀ ਗਿਣਤੀ ’ਚ 50 ਫ਼ੀਸਦੀ ਅਤੇ ਕੌਮਾਂਤਰੀ ਮਾਰਗਾਂ ’ਤੇ 74 ਫ਼ੀਸਦੀ ਦੀ ਗਿਰਾਵਟ ਵੇਖੀ ਗਈ ਹੈ। 

ਭਾਰਤ ਦੇ ਅੰਕੜਿਆਂ ’ਤੇ ਝਾਤ ਮਾਰੀਏ ਤਾਂ ਗਲੋਬਲ ਔਸਤ ਦੀ ਤੁਲਨਾ ’ਚ ਇੱਥੇ ਹਵਾਈ ਯਾਤਰੀਆਂ ਦੀ ਗਿਣਤੀ ’ਚ ਜ਼ਿਆਦਾ ਵੱਡੀ ਗਿਰਾਵਟ ਆਈ ਹੈ। ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਘਰੇਲੂ ਮਾਰਗਾਂ ’ਤੇ 6 ਕਰੋੜ 11 ਲੱਖ ਯਾਤਰੀਆਂ ਨੇ ਯਾਤਰਾ ਕੀਤੀ, ਜੋ ਸਾਲ 2019 ਦੇ ਮੁਕਾਬਲੇ 56.29 ਫ਼ੀਸਦੀ ਘੱਟ ਹੈ।


author

Tanu

Content Editor

Related News