ਝਾਰਖੰਡ ’ਚ ਜੱਜ ਦੀ ਹੱਤਿਆ ਦਾ ਦੋਸ਼ੀ ਆਟੋ ਚਾਲਕ ਗ੍ਰਿਫਤਾਰ, ਗੁਨਾਹ ਕਬੂਲਿਆ

07/29/2021 8:55:38 PM

ਧਨਬਾਦ– ਝਾਰਖੰਡ ਦੇ ਧਨਬਾਦ ’ਚ ਜ਼ਿਲਾ ਤੇ ਵਧੀਕ ਜੱਜ ਉੱਤਮ ਆਨੰਦ ਦੀ ਹੱਤਿਆ ਦੇ ਮਾਮਲੇ ’ਚ ਆਟੋ ਚਾਲਕ ਲਖਨ ਵਰਮਾ ਅਤੇ ਉਸ ਦੇ ਸਹਿਯੋਗੀ ਰਾਹੁਲ ਵਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲਖਨ ਨੇ ਕਬੂਲ ਕੀਤਾ ਕਿ ਉਸ ਨੇ ਆਟੋ ਨਾਲ ਜੱਜ ਨੂੰ ਟੱਕਰ ਮਾਰੀ ਸੀ। ਪੋਸਟਮਾਰਟਮ ਰਿਪੋਰਟ ’ਚ ਜੱਜ ਆਨੰਦ ਦੇ ਸਿਰ ’ਤੇ ਭਾਰੀ ਚੀਜ਼ ਨਾਲ ਸੱਟ ਮਾਰਨ ਦੇ ਨਿਸ਼ਾਨ ਮਿਲੇ ਸਨ। ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਨੂੰ ਸੌਂਪੀ ਗਈ ਹੈ। ਉੱਤਮ ਆਨੰਦ ਹੋਟਵਾਰ ਜੇਲ ’ਚ ਬੰਦ ਗੈਂਗਸਟਰਾਂ ਸਮੇਤ 15 ਵੱਡੇ ਅਪਰਾਧੀਆਂ ਦੇ ਮਾਮਲਿਆਂ ਦੀ ਸੁਣਵਾਈ ਕਰ ਰਹੇ ਸਨ।


ਇਹ ਖ਼ਬਰ ਪੜ੍ਹੋ- ਗੋਲਫ : ਲਾਹਿੜੀ ਦੀ ਟੋਕੀਓ ਓਲੰਪਿਕ 'ਚ ਮਜ਼ਬੂਤ ਸ਼ੁਰੂਆਤ


ਪੁਲਸ ਨੇ ਜੱਜ ਨੂੰ ਟੱਕਰ ਮਾਰਨ ਵਾਲਾ ਵੀਡੀਓ ਬੁੱਧਵਾਰ ਦੇਰ ਰਾਤ ਗਿਰੀਡੀਹ ਤੋਂ ਬਰਾਮਦ ਕਰ ਲਿਆ ਹੈ। ਜਾਂਚ ’ਚ ਪਤਾ ਲੱਗਾ ਕਿ ਆਟੋ ਮੰਗਲਵਾਰ ਨੂੰ ਚੋਰੀ ਹੋਇਆ ਸੀ ਅਤੇ ਬੁੱਧਵਾਰ ਸਵੇਰੇ 5.08 ਵਜੇ ਉਸ ਨਾਲ ਜੱਜ ਉੱਤਮ ਆਨੰਦ ਨੂੰ ਟੱਕਰ ਮਾਰ ਦਿੱਤੀ ਗਈ। ਜੱਜ ਸਵੇਰੇ 5 ਵਜੇ ਸੈਰ ਲਈ ਨਿਕਲੇ ਸਨ। ਬਾਅਦ ’ਚ ਘਰ ਤੋਂ ਕੁਝ ਦੂਰ ਹੀ ਉਹ ਖੂਨ ਨਾਲ ਲਥਪਥ ਮਿਲੇ। ਘਟਨਾ ਤੋਂ ਡੇਢ ਘੰਟੇ ਬਾਅਦ ਕੁਝ ਨੌਜਵਾਨਾਂ ਨੇ ਜੱਜ ਨੂੰ ਹਸਪਤਾਲ ਪਹੁੰਚਾਇਆ। ਸਵੇਰੇ 9.30 ਵਜੇ ਉਨ੍ਹਾਂ ਦੀ ਮੌਤ ਹੋ ਗਈ। ਇਸ ਮਾਮਲੇ ’ਚ ਧਨਬਾਦ ਦੇ ਜੱਜ ਨੇ ਹਾਈਕੋਰਟ ਨੂੰ ਪੱਤਰ ਲਿਖਿਆ ਸੀ। ਇਸ ’ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਕਿਹਾ ਕਿ ਝਾਰਖੰਡ ’ਚ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ। ਜੇ ਇਸ ਮਾਮਲੇ ਦੀ ਜਾਂਚ ’ਚ ਕਿਸੇ ਵੀ ਸਮੇਂ ਅਜਿਹਾ ਲੱਗੇ ਕਿ ਕੋਤਾਹੀ ਹੋ ਰਹੀ ਹੈ ਤਾਂ ਇਸ ਨੂੰ ਸੀ. ਬੀ. ਆਈ. ਨੂੰ ਸੌਂਪ ਦਿੱਤਾ ਜਾਵੇਗਾ।
ਸੁਪਰੀਮ ਕੋਰਟ ਨੇ ਫਿਲਹਾਲ ਦਖਲ ਤੋਂ ਕੀਤਾ ਇਨਕਾਰ
ਸੁਪਰੀਮ ਕੋਰਟ ’ਚ ਵੀ ਇਹ ਮਾਮਲਾ ਉਠਾਇਆ ਗਿਆ। ਚੀਫ ਜਸਟਿਸ ਐੱਨ. ਵੀ. ਰਮੰਨਾ ਨੇ ਕਿਹਾ ਕਿ ਇਸ ਮਾਮਲੇ ’ਚ ਉਨ੍ਹਾਂ ਨੇ ਝਾਰਖੰਡ ਹਾਈ ਕੋਰਟ ਦੇ ਚੀਫ ਜਸਟਿਸ ਡਾ. ਰਵੀਰੰਜਨ ਨਾਲ ਗੱਲ ਕੀਤੀ ਹੈ। ਫਿਲਹਾਲ ਉਨ੍ਹਾਂ ਨੂੰ ਹੀ ਕੇਸ ਦੇਖਣ ਦਿਓ, ਅਜੇ ਸਾਡੇ ਦਖਲ ਦੀ ਲੋੜ ਨਹੀਂ ਹੈ। ਹਾਈ ਕੋਰਟ ਨੇ ਪੁਲਸ ਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News