ਆਸਟ੍ਰੇਲੀਆਈ ਰੱਖਿਆ ਮੰਤਰੀ ਨੇ ਕਿਹਾ, 'ਚੀਨ ਨਾਲ ਨਜਿੱਠਣ ਲਈ ਭਾਰਤ ਨਾਲ ਵਧਾਵਾਂਗੇ ਸਹਿਯੋਗ'
Tuesday, Sep 29, 2020 - 02:24 AM (IST)

ਕੈਨਬਰਾ - ਹਿੰਦ ਪ੍ਰਸ਼ਾਂਤ ਖੇਤਰ ਵਿਚ ਚੀਨ ਨਾਲ ਵੱਧਦੇ ਖਤਰਿਆਂ ਨਾਲ ਨਜਿੱਠਣ ਲਈ ਆਸਟ੍ਰੇਲੀਆ ਨੇ ਭਾਰਤ ਨਾਲ ਸਹਿਯੋਗ ਵਧਾਉਣ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਦੀ ਰੱਖਿਆ ਮੰਤਰੀ ਲਿੰਡਾ ਰੇਨਾਲਡਸ ਨੇ ਕਿਹਾ ਹੈ ਕਿ ਜ਼ਿਆਦਾ ਸੁਰੱਖਿਅਤ, ਖੁਲ੍ਹੇ ਅਤੇ ਖੁਸ਼ਹਾਲ ਹਿੰਦ ਪ੍ਰਸ਼ਾਂਤ ਖੇਤਰ ਦੇ ਸਾਂਝੇ ਦ੍ਰਿਸ਼ਟੀਕੋਣ ਦੇ ਸਮਰਥਨ ਵਿਚ ਆਸਟ੍ਰੇਲੀਆ ਸਮਾਨ ਵਿਚਾਰਧਾਰਾ ਵਾਲੇ ਭਾਰਤ ਜਿਹੇ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਡੂੰਘਾ ਕਰਨਾ ਜਾਰੀ ਰੱਖੇਗਾ। ਚੀਨ ਸੰਸਥਾਨਾਂ ਨਾਲ ਭਰੇ ਇਸ ਖੇਤਰ ਵਿਚ ਆਪਣਾ ਦਖਲ ਵਧਾਉਂਦਾ ਜਾ ਰਿਹਾ ਹੈ।
ਭਾਰਤ ਦੇ ਨਾਲ ਸਾਡੇ ਸਬੰਧ ਮਜ਼ਬੂਤ
ਰੇਨਾਲਡਸ ਨੇ ਆਖਿਆ ਕਿ ਹਾਲ ਹੀ ਵਿਚ ਹਿੰਦ ਮਹਾਸਾਗਰ ਵਿਚ ਕੀਤੇ ਗਏ ਨੌ-ਸੈਨਾ ਦੇ ਸੰਯੁਕਤ ਅਭਿਆਸ ਵਿਆਪਕ ਰਣਨੀਤਕ ਹਿੱਸੇਦਾਰੀ ਦੇ ਰੂਪ ਵਿਚ ਦੋਹਾਂ ਦੇਸ਼ਾਂ ਦੇ ਮਜ਼ਬੂਤ ਸਬੰਧਾਂ ਨੂੰ ਦਰਸਾਉਂਦੇ ਹਨ। ਪਿਛਲੇ ਹਫਤੇ ਭਾਰਤੀ ਨੌ-ਸੈਨਾ ਅਤੇ ਰਾਇਲ ਆਸਟ੍ਰੇਲੀਅਨ ਨੌ-ਸੈਨਾ ਨੇ ਹਿੰਦ ਮਹਾਸਾਗਰ ਦੇ ਉੱਤਰ-ਪੂਰਬੀ ਖੇਤਰ ਵਿਚ 2 ਦਿਨਾਂ ਤੱਕ ਸੰਯੁਕਤ ਅਭਿਆਸ ਕੀਤਾ ਸੀ। ਵਿਆਪਕ ਰਣਨੀਤਕ ਹਿੱਸੇਦਾਰੀ ਲਈ ਆਪਣੇ ਸਬੰਧਾਂ ਨੂੰ ਵਧਾਉਣ ਅਤੇ ਜੂਨ ਵਿਚ ਸਾਜੋ-ਸਮਾਨ ਸਮਰਥਨ ਲਈ ਫੌਜੀ ਟਿਕਾਣਿਆਂ 'ਤੇ ਮਿਉਚੁਅਲ ਪਹੁੰਚ ਦੇ ਮੱਦੇਨਜ਼ਰ ਇਕ ਇਤਿਹਾਸਕ ਸੌਦੇ 'ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ ਭਾਰਤ ਅਤੇ ਆਸਟ੍ਰੇਲੀਆ ਵੱਲੋਂ ਇਹ ਪਹਿਲਾ ਵੱਡਾ ਫੌਜੀ ਅਭਿਆਸ ਰਿਹਾ।
ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਨਾਲ ਵਧਾਉਣਗੇ ਸਬੰਧ
ਰੇਨਾਲਡਸ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਜ਼ਿਆਦਾ ਸੁਰੱਖਿਅਤ, ਖੁਲ੍ਹੇ ਅਤੇ ਖੁਸ਼ਹਾਲ ਹਿੰਦ ਪ੍ਰਸ਼ਾਂਤ ਖੇਤਰ ਦੇ ਸਾਂਝੇ ਦ੍ਰਿਸ਼ਟੀਕੋਣ ਦੇ ਸਮਰਥਨ ਵਿਚ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ, ਜਿਵੇਂ ਭਾਰਤ ਦੇ ਨਾਲ ਆਪਣੇ ਸਬੰਧਾਂ ਨੂੰ ਵਧਾਉਣਾ ਜਾਰੀ ਰੱਖ ਰਹੇ ਹਾਂ। ਉਨਾਂ ਆਖਿਆ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਪ੍ਰਧਾਨ ਮੰਤਰੀ ਦੇ ਡਿਜੀਟਲ ਸ਼ਿਖਰ ਸੰਮੇਲਨ ਤੋਂ ਬਾਅਦ ਭਾਰਤ ਦੇ ਨਾਲ ਸਾਡੇ ਰੱਖਿਆ ਸਬੰਧ ਇਤਿਹਾਸਕ ਉੱਚ ਬਿੰਦੂ 'ਤੇ ਹਨ ਅਤੇ ਮੈਂ ਭਵਿੱਖ ਵਿਚ ਸਾਡੀ ਵਿਆਪਕ ਸਾਂਝੇਦਾਰੀ ਨੂੰ ਹੋਰ ਵਧਾਏ ਜਾਣ ਦੀ ਉਮੀਦ ਕਰਦੀ ਹਾਂ।
ਆਸਟ੍ਰੇਲੀਆ ਅਤੇ ਚੀਨ ਵਿਚ ਤਣਾਅ ਚੋਟੀ 'ਤੇ
ਕੋਰੋਨਾਵਾਇਰਸ ਨੂੰ ਲੈ ਕੇ ਆਸਟ੍ਰੇਲੀਆ ਦੇ ਸਵਾਲਾਂ ਤੋਂ ਨਰਾਜ਼ ਚੀਨ ਨੇ ਆਰਥਿਕ ਰੂਪ ਤੋਂ ਸ਼ਿੰਕਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ਵਿਚ ਚੀਨੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਆਸਟ੍ਰੇਲੀਆ ਨਾ ਜਾਣ ਦੀ ਸਲਾਹ ਜਾਰੀ ਕੀਤੀ ਸੀ। ਇੰਨਾ ਹੀ ਨਹੀਂ ਚੀਨ ਨੇ ਆਸਟ੍ਰੇਲੀਆ ਤੋਂ ਆਯਾਤ ਹੋਣ ਵਾਲੇ ਕਈ ਸਮਾਨਾਂ 'ਤੇ ਬੈਨ ਵੀ ਲਗਾਇਆ ਹੈ।
ਹਾਂਗਕਾਂਗ ਨੂੰ ਲੈ ਕੇ ਵੀ ਆਸਟ੍ਰੇਲੀਆ-ਚੀਨ ਆਹਮੋ-ਸਾਹਮਣੇ
ਆਸਟ੍ਰੇਲੀਆ ਨੇ ਵੀ ਚੀਨ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਤੋਂ ਪੈਦਾ ਹੋਈਆਂ ਸ਼ੰਕਾਵਾਂ ਕਾਰਨ ਹਾਂਗਕਾਂਗ ਦੇ ਨਾਲ ਹਵਾਲਗੀ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ। ਜਿਸ ਤੋਂ ਬਾਅਦ ਆਸਟ੍ਰੇਲੀਆ ਅਤੇ ਹਾਂਗਕਾਂਗ ਆਪਣੇ ਅਧਿਕਾਰ ਖੇਤਰ ਦੇ ਕਿਸੇ ਵੀ ਵਿਅਕਤੀ ਨੂੰ ਹਵਾਲਗੀ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਆਸਟ੍ਰੇਲੀਆ ਨੇ ਹਾਂਗਕਾਂਗ ਦੇ ਲੋਕਾਂ ਨੂੰ ਆਪਣੇ ਇਥੇ ਵਸਣ ਅਤੇ ਵੀਜ਼ਾ ਮਿਆਦ ਵਧਾਉਣ ਦਾ ਆਫਰ ਵੀ ਦਿੱਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਐਲਾਨ ਕੀਤਾ ਕਿ ਹਾਂਗਕਾਂਗ ਵਿਚ ਕਾਰੋਬਾਰ ਕਰਨ ਵਾਲੇ ਲੋਕ ਜੇਕਰ ਆਸਟ੍ਰੇਲੀਆ ਆਉਣਾ ਚਾਹੁੰਣ ਤਾਂ ਉਹ ਆ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਇਸ ਤਾਜ਼ਾ ਐਲਾਨ ਨਾਲ ਦੋਹਾਂ ਦੇਸ਼ਾਂ ਵਿਚਾਲੇ ਜਾਰੀ ਤਣਾਅ ਗੰਭੀਰ ਰੂਪ ਲੈ ਸਕਦਾ ਹੈ।