ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਕਦੋਂ ਮਿਲਣਗੇ: ਆਤਿਸ਼ੀ
Thursday, Mar 20, 2025 - 02:12 PM (IST)

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਵੀਰਵਾਰ ਯਾਨੀ ਕਿ ਅੱਜ ਪ੍ਰਸ਼ਨ ਕੀਤਾ ਕਿ ਸੱਤਾਧਾਰੀ ਭਾਜਪਾ ਵਲੋਂ ਕੀਤੇ ਗਏ ਵਾਅਦੇ ਮੁਤਾਬਕ ਰਾਜਧਾਨੀ ਵਿਚ ਔਰਤਾਂ ਨੂੰ 'ਮਹਿਲਾ ਸਮਰਿਧੀ ਯੋਜਨਾ' ਤਹਿਤ 2500 ਰੁਪਏ ਮਹੀਨੇਵਾਰ ਵਿੱਤੀ ਮਦਦ ਕਦੋਂ ਮਿਲੇਗੀ? ਦਿੱਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕੀ ਭਾਜਪਾ ਸਰਕਾਰ ਰਾਜਧਾਨੀ ਵਿਚ 18 ਸਾਲ ਤੋਂ ਘੱਟ ਉਮਰ ਦੀਆਂ ਲੱਗਭਗ 48 ਲੱਖ ਔਰਤਾਂ ਨੂੰ 2500 ਰੁਪਏ ਦੇਵੇਗੀ? ਜਾਂ ਕਈ ਤਰ੍ਹਾਂ ਦੀਆਂ ਸ਼ਰਤਾਂ ਲਾ ਕੇ ਇਸ ਦੀ ਇਕ ਫ਼ੀਸਦੀ ਤੋਂ ਵੀ ਘੱਟ ਗਿਣਤੀ ਨੂੰ ਲਾਭ ਦੇਵੇਗੀ।
ਆਤਿਸ਼ੀ ਨੇ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਨੇ 12 ਦਿਨ ਪਹਿਲਾਂ ਇਕ ਕਮੇਟੀ ਬਣਾਈ ਸੀ, ਜਿਸ ਨੇ ਅਜੇ ਤੱਕ ਕੁਝ ਨਹੀਂ ਕੀਤਾ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਕਦੋਂ ਸ਼ੁਰੂ ਹੋਵੇਗੀ ਅਤੇ ਲਾਭਪਾਤਰੀ ਔਰਤਾਂ ਦੇ ਖ਼ਾਤਿਆਂ ਵਿਚ ਪੈਸੇ ਕਦੋਂ ਆਉਣਗੇ? ਭਾਜਪਾ ਸਰਕਾਰ ਨੇ ਦਿੱਲੀ ਵਿਚ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ 2500 ਰੁਪਏ ਮਹੀਨੇਵਾਰ ਸਹਾਇਤਾ ਪ੍ਰਦਾਨ ਕਰਨ ਲਈ 5100 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਸ ਯੋਜਨਾ ਦੇ ਅਮਲ ਵਿਚ ਲਿਆਉਣ ਦੀ ਨਿਗਰਾਨੀ ਲਈ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਵਿਚ ਮੰਤਰੀਆਂ ਦੀ ਇਕ ਕਮੇਟੀ ਬਣਾਈ ਹੈ। ਇਹ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਮੁੱਖ ਚੋਣਾਵੀ ਵਾਅਦਿਆਂ ਵਿਚੋਂ ਇਕ ਹੈ।