ਹੁਣ ਅਟਲ ਬਿਹਾਰੀ ਵਾਜਪਈ ਦੇ ਨਾਂ ''ਤੇ ਹੋਵੇਗਾ ਦਿੱਲੀ ਦਾ ਰਾਮਲੀਲਾ ਮੈਦਾਨ
Saturday, Aug 25, 2018 - 06:20 PM (IST)

ਨਵੀਂ ਦਿੱਲੀ— ਕਈ ਵੱਡੇ ਅੰਦੋਲਨਾਂ ਦਾ ਗਵਾਹ ਰਹੇ ਦਿੱਲੀ ਦੇ ਇਤਿਹਾਸਿਕ ਰਾਮਲੀਲਾ ਮੈਦਾਨ ਦਾ ਨਾਂ ਹੁਣ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਜੀ ਦੇ ਨਾਂ ਨਾਲ ਜਾਣਿਆ ਜਾ ਸਕਦਾ ਹੈ। ਉੱਤਰੀ ਦਿੱਲੀ ਨਗਰ ਨਿਗਮ ਨੇ ਇਸ ਸੰਬੰਧ 'ਚ ਪੇਸ਼ਕਸ਼ ਕੀਤੀ ਹੈ। ਆਗਾਮੀ ਸਦਨ ਦੀ ਬੈਠਕ 'ਚ ਇਸ ਦੇ ਪਾਸ ਹੋਣ ਦੇ ਪੂਰੇ ਆਸਾਰ ਹਨ। ਇਸ ਗੱਲ 'ਤੇ ਬੀ.ਜੇ.ਪੀ.ਦੇ 4-5 ਕੌਂਸਲਰਾਂ ਨੇ ਉੱਤਰੀ ਦਿੱਲੀ ਨਗਰ ਨਿਗਮ 'ਚ ਇਕ ਪੇਸ਼ਕਸ਼ ਵੀ ਪੇਸ਼ ਕਰ ਦਿੱਤੀ ਹੈ। ਕੌਂਸਲਰਾਂ ਦੀ ਪੇਸ਼ਕਸ਼ 'ਤੇ 30 ਅਗਸਤ ਨੂੰ ਸਦਨ 'ਚ ਚਰਚਾ ਹੋਵੇਗੀ।
ਇਤਿਹਾਸਿਕ ਹੈ ਰਾਮਲੀਲਾ ਮੈਦਾਨ
ਦਿੱਲੀ ਦਾ ਇਤਿਹਾਸਿਕ ਰਾਮਲੀਲਾ ਮੈਦਾਨ ਕਈ ਅੰਦੋਲਨਾਂ ਦਾ ਗਵਾਹ ਰਿਹਾ ਹੈ। ਖਾਸ ਤੌਰ 'ਤੇ ਜਦੋਂ ਦੇਸ਼ 'ਚ ਐਮਰਜੈਂਸੀ ਲੱਗੀ ਸੀ ਤਾਂ ਉਸ ਦੌਰਾਨ ਪਹਿਲਾ ਵੱਡਾ ਅੰਦੋਲਨ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਹੋਇਆ ਸੀ ਅਤੇ ਜਦੋਂ ਐਮਰਜੈਂਸੀ ਹਟਾਉਣ ਦਾ ਫੈਸਲਾ ਹੋਇਆ ਤਾਂ ਵੀ ਉਸੇ ਰਾਮਲੀਲਾ ਮੈਦਾਨ 'ਚ ਇਕ ਵਾਰ ਫਿਰ ਅੰਦੋਲਨ ਕੀਤਾ ਗਿਆ ਸੀ। ਸਾਲ 2013 'ਚ ਜਦੋਂ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਦਿੱਲੀ 'ਚ ਸਰਕਾਰ ਬਣੀ ਸੀ ਤਾਂ ਮੁਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਕੁਝ ਵਿਧਾਇਕਾਂ ਨੇ ਮੰਤਰੀ ਪਦ ਦੀ ਸਹੁੰ ਇਸੇ ਥਾਂ 'ਤੇ ਲਈ ਸੀ। ਜਦਕਿ ਇਹ ਸਰਕਾਰ 49 ਦਿਨ ਹੀ ਚਲ ਸਕੀ ਸੀ।
ਇਸ ਤੋਂ ਪਹਿਲਾਂ ਬਦਲ ਗਿਆ ਸੀ ਰਾਜਸਥਾਨ ਦੇ ਇਕ ਪਿੰਡ ਦਾ ਨਾਂ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਉੱਤਰ ਪ੍ਰਦੇਸ਼ ਦੇ ਮੁਗਲਸਰਾਏ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਪੰਡਿਤ ਦੀਨਦਿਆਲ ਉਪਾਧਿਆਇ ਸਟੇਸ਼ਨ ਕੀਤੇ ਜਾਣ ਦੇ ਤੁਰੰਤ ਬਾਅਦ ਰਾਜਸਥਾਨ ਦੇ ਇਕ ਪਿੰਡ ਦਾ ਨਾਂ ਵੀ ਬਦਲਿਆ ਗਿਆ। ਬੀਤੀ 7 ਅਗਸਤ ਨੂੰ ਬਾੜਮੇਰ ਜ਼ਿਲੇ 'ਚ ਸਥਿਤ ਮਿਆਂ ਦਾ ਬਾੜਾ ਪਿੰਡ ਦਾ ਨਾਂ ਬਦਲ ਕੇ ਮਹੇਸ਼ ਨਗਰ ਕਰ ਦਿੱਤਾ ਗਿਆ।