ਚਾਹ ਵਪਾਰੀ ਨੇ ਪਹਿਲੀ ਹੀ ਕੋਸ਼ਿਸ਼ ''ਚ ਪਾਸ ਕੀਤੀ ਨੀਟ ਪ੍ਰੀਖਿਆ, ਦੱਸਿਆ ਸਫ਼ਲਤਾ ਦਾ ਸਫ਼ਰ

Saturday, Feb 05, 2022 - 06:38 PM (IST)

ਚਾਹ ਵਪਾਰੀ ਨੇ ਪਹਿਲੀ ਹੀ ਕੋਸ਼ਿਸ਼ ''ਚ ਪਾਸ ਕੀਤੀ ਨੀਟ ਪ੍ਰੀਖਿਆ, ਦੱਸਿਆ ਸਫ਼ਲਤਾ ਦਾ ਸਫ਼ਰ

ਬਰਪੇਟਾ (ਭਾਸ਼ਾ)- ਆਸਾਮ ਦੇ ਇਕ ਚਾਹ ਵਪਾਰੀ ਨੇ ਪਹਿਲੀ ਹੀ ਕੋਸ਼ਿਸ਼ 'ਚ ਨੀਟ ਪਾਸ ਕਰ ਕੇ ਏਮਜ਼-ਦਿੱਲੀ 'ਚ ਸੀਟ ਹਾਸਲ ਕੀਤੀ ਹੈ। ਰਾਜ ਦੇ ਬਜਲੀ ਜ਼ਿਲ੍ਹੇ ਦੇ ਵਾਸੀ 24 ਸਾਲਾ ਰਾਹੁਲ ਦਾਸ ਲਈ ਆਪਣੀ ਮਾਂ ਵਲੋਂ ਸੰਚਾਲਿਤ ਦੁਕਾਨ 'ਚ ਗਾਹਕਾਂ ਨੂੰ ਚਾਹ ਪਰੋਸਣਾ ਅਤੇ ਇਸ ਦੇ ਨਾਲ ਹੀ ਪੜ੍ਹਾਈ ਕਰਨਾ ਕੋਈ ਆਸਾਨ ਕੰਮ ਨਹੀਂ ਸੀ ਪਰ ਉਨ੍ਹਾਂ ਨੇ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਆਪਣਾ ਟੀਚਾ ਪ੍ਰਾਪਤ ਕਰਨ 'ਚ ਸਫ਼ਲ ਰਹੇ। ਉਨ੍ਹਾਂ ਦਾ ਸਫ਼ਰ ਸੌਖਾ ਨਹੀਂ ਸੀ। ਦਾਸ ਅਤੇ ਉਨ੍ਹਾਂ ਦਾ ਭਰਾ ਦਾ ਪਾਲਣ-ਪੋਸ਼ਣ ਉਨ੍ਹਾਂ ਦੀ ਮਾਂ ਨੇ ਕੀਤਾ, ਜੋ ਕਰੀਬ 11 ਸਾਲ ਪਹਿਲਾਂ ਆਪਣੇ ਪੁੱਤਰਾਂ ਦੀ ਦੇਖਭਾਲ ਲਈ ਇਕੱਲੀ ਰਹਿ ਗਈ ਸੀ। ਗਰੀਬੀ ਨੇ ਦਾਸ ਨੂੰ 12ਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡਣ ਲਈ ਮਜ਼ਬੂਰ ਕੀਤਾ ਪਰ ਉਨ੍ਹਾਂ ਨੇ ਡਾਕਟਰ ਬਣਨ ਦਾ ਸੁਫ਼ਨਾ ਨਹੀਂ ਛੱਡਿਆ। ਦਾਸ ਨੇ ਕਿਹਾ ਕਿ ਉਹ ਜ਼ਿਲੇ ਦੇ ਪਟਾਚਰਕੁਚੀ ਚੌਕ ਇਲਾਕੇ 'ਚ ਆਪਣੀ ਮਾਂ ਦੀ ਦੁਕਾਨ 'ਤੇ ਗਾਹਕਾਂ ਦੀ ਸੇਵਾ ਕਰਨ ਦਰਮਿਆਨ ਪੜ੍ਹਾਈ ਲਈ ਸਮਾਂ ਕੱਢਦਾ ਸੀ। ਉਨ੍ਹਾਂ ਕਿਹਾ,''ਮੈਂ ਆਪਣੀ ਮਾਂ ਨੂੰ ਸਾਡੇ ਲਈ ਗਾਹਕਾਂ ਦੀ ਸਖ਼ਤ ਮਿਹਨਤ ਕਰਦੇ ਦੇਖਿਆ ਹੈ। ਅਸੀਂ ਦੁਕਾਨ 'ਤੇ ਇਕ ਵੀ ਸਹਾਇਕ ਨਹੀਂ ਰੱਖ ਸਕਦੇ ਸੀ। ਮੈਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਉਨ੍ਹਾਂ ਦੀ ਮਦਦ ਕਰਦਾ। ਮੈਂ ਚਾਹ ਬਣਾਈ ਅਤੇ ਵੇਚੀ ਅਤੇ ਜਦੋਂ ਵੀ ਸੰਭਵ ਹੁੰਦਾ, ਮੈਂ ਦੁਕਾਨ 'ਚ ਪੜ੍ਹਨ ਲਈ ਬੈਠ ਜਾਂਦਾ।''

ਇਹ ਵੀ ਪੜ੍ਹੋ : ਭਾਰਤੀ ਫ਼ੌਜ ਦੀ ਕੈਪਟਨ ਸਾਨੀਆ ਦੀ ਟੀਮ ਦੀ ਹਰ ਪਾਸੇ ਹੋ ਰਹੀ ਚਰਚਾ, ਜਾਣੋ ਵਜ੍ਹਾ

ਦਾਸ ਨੇ ਸਾਲ 2015 'ਚ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਫਿਰ ਪੈਸਿਆਂ ਦੀ ਕਮੀ ਕਾਰਨ ਪੜ੍ਹਾਈ ਛੱਡ ਦਿੱਤੀ ਸੀ। ਹਾਲਾਂਕਿ, ਉੱਚ ਸਿੱਖਿਆ ਲਈ ਉਤਸ਼ਾਹ ਕਾਰਨ 2 ਸਾਲ ਬਾਅਦ ਦਾਸ ਪਲਾਸਟਿਕ ਇੰਜੀਨੀਅਰਿੰਗ 'ਚ ਡਿਪਲੋਮਾ ਕਰਨ ਲਈ ਸੈਂਟਰਲ ਇੰਸਟੀਚਿਊਟ ਆਫ਼ ਪੈਟ੍ਰੋਕੈਮੀਕਲਜ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਪਹੁੰਚ ਗਏ। ਦਾਸ ਨੇ ਤਿੰਨ ਸਾਲ ਬਾਅਦ ਵਿਸ਼ੇਸ਼ ਯੋਗਤਾ (85 ਫੀਸਦੀ ਅੰਕ) ਨਾਲ ਇਸ ਪਾਠਕ੍ਰਮ 'ਚ ਸਫ਼ਲਤਾ ਬਣਾਈ ਅਤੇ ਗੁਹਾਟੀ 'ਚ ਇਕ ਬਹੁ-ਰਾਸ਼ਟਰੀ ਕੰਪਨੀ 'ਚ ਕੁਆਲਿਟੀ ਇੰਜੀਨੀਅਰਿੰਗ ਦੇ ਰੂਪ 'ਚ ਅਕਤੂਬਰ 2020 'ਚ ਕੋਰੋਨਾ ਮਹਾਮਾਰੀ ਦਰਮਿਆਨ ਨੌਕਰੀ ਸ਼ੁਰੂ ਕੀਤੀ। ਉਨ੍ਹਾਂ ਕਿਹਾ,''ਨੌਕਰੀ ਨਾਲ ਕੋਈ ਸੰਤੁਸ਼ਟੀ ਨਹੀਂ ਸੀ, ਮੈਂ ਹਮੇਸ਼ਾ ਤੋਂ ਇਕ ਡਾਕਟਰ ਬਣਨਾ ਚਾਹੁੰਦਾ ਸੀ। ਮੇਰਾ ਇਕ ਚਚੇਰਾ ਭਰਾ ਡੈਂਟਲ ਸਰਜਨ ਹੈ ਅਤੇ ਉਹ ਪ੍ਰੇਰਨਾ ਬਣੇ। ਮੈਂ ਆਪਣੀ ਨੌਕਰੀ ਛੱਡਣ ਦਾ ਫ਼ੈਸਲਾ ਕੀਤਾ ਅਤੇ ਜੋ ਵੀ ਸਰੋਤ ਸਨ, ਨੀਟ ਦੀ ਤਿਆਰੀ ਸ਼ੁਰੂ ਕਰ ਦਿੱਤੀ। ਇਹ ਸਰੋਤ ਆਨਲਾਈਨ ਉਪਲੱਬਧ ਸਨ, ਕਿਉਂਕਿ ਮੇਰੇ ਕੋਲ ਕਿਤਾਬਾਂ ਖਰੀਦਣ ਲਈ ਪੈਸੇ ਨਹੀਂ ਸਨ।'' ਦਾਸ ਦੇ ਇਕ ਹੱਥ ਨੂੰ ਸੜਨ ਕਾਰਨ ਨੁਕਸਾਨ ਪਹੁੰਚਿਆ ਸੀ। ਉਨ੍ਹਾਂ ਕਿਹਾ ਕਿ ਨੀਟ 'ਚ ਉਨ੍ਹਾਂ ਨੂੰ 12,068ਵਾਂ ਸਥਾਨ ਮਿਲਿਆ ਹੈ ਪਰ ਉਨ੍ਹਾਂ ਦੇ ਅਨੁਸੂਚਿਤ ਜਾਤੀ ਅਤੇ ਦਿਵਯਾਂਗਤਾ ਪ੍ਰਮਾਣ ਪੱਤਰਾਂ ਨੇ ਉਨ੍ਹਾਂ ਨੂੰ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ 'ਚ ਪ੍ਰਵੇਸ਼ ਦਿਵਾਉਣ 'ਚ ਮਦਦ ਕੀਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News