ਆਸਾਮ ਦੇ 7 ਜ਼ਿਲਿਆਂ ’ਚ ਹੀ 64 ਲੱਖ ਘੁਸਪੈਠੀਏ : ਅਮਿਤ ਸ਼ਾਹ
Friday, Jan 30, 2026 - 09:10 PM (IST)
ਧੇਮਾਜੀ (ਆਸਾਮ), (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਕਾਂਗਰਸ ਦੇ ਰਾਜ ਦੌਰਾਨ ਆਸਾਮ ਦੀ ਆਬਾਦੀ ’ਚ ਬਦਲਾਅ ਆਇਆ ਸੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਇਸ ਰੁਝਾਨ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੀ ਹੈ। ਸ਼ਾਹ ਨੇ ਕਰੇਨਗ ਚਾਪੋਰੀ ’ਚ ਤਾਕਾਮ ਮਿਸਿੰਗ ਪੋਰਿਨ ਕੇਬਾਂਗ ਵੱਲੋਂ ਆਯੋਜਿਤ 10ਵੇਂ ‘ਮਿਸਿੰਗ ਯੁਵਾ ਮਹਾਉਤਸਵ’ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਵੋਟ ਦੇਣ ਦੀ ਅਪੀਲ ਕੀਤੀ, ਤਾਂ ਜੋ ਸੂਬੇ ਨੂੰ ਘੁਸਪੈਠ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਜਾ ਸਕੇ।
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੇ ਰਾਜ ਦੌਰਾਨ ਆਸਾਮ ਦੀ ਆਬਾਦੀ ਪੂਰੀ ਤਰ੍ਹਾਂ ਬਦਲ ਗਈ। ਘੁਸਪੈਠੀਆਂ ਦੀ ਆਬਾਦੀ ਸਿਫ਼ਰ ਤੋਂ ਵਧ ਕੇ 64 ਲੱਖ ਹੋ ਗਈ ਅਤੇ 7 ਜ਼ਿਲਿਆਂ ’ਚ ਘੁਸਪੈਠੀਏ ਬਹੁਗਿਣਤੀ ਹੋ ਗਏ। ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਸੂਬੇ ’ਚ ਆਬਾਦੀ ਦੇ ਰੁਝਾਨ ਨੂੰ ਪਲਟਣ ਲਈ ਵੱਖ-ਵੱਖ ਤਰੀਕਿਆਂ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਆਸਾਮ ’ਚ ਘੁਸਪੈਠ ਰੋਕਣੀ ਚਾਹੁੰਦੇ ਹੋ ਤਾਂ ਭਾਜਪਾ ਸਰਕਾਰ ਨੂੰ ਤੀਜੀ ਵਾਰ ਚੁਣ ਕੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੇ ਖ਼ਿਲਾਫ ਲੜਾਈ ’ਚ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਦੇ ਹੱਥਾਂ ਨੂੰ ਮਜ਼ਬੂਤ ਕਰੋ। ਆਸਾਮ ’ਚ ਭਾਜਪਾ ਸਰਕਾਰਾਂ ਨੇ ਕਬਜ਼ਾ ਕੀਤੀ ਗਈ 1.26 ਲੱਖ ਏਕੜ ਜ਼ਮੀਨ ਨੂੰ ਘੁਸਪੈਠੀਆਂ ਤੋਂ ਮੁਕਤ ਕਰਵਾਇਆ ਹੈ।
ਰਾਹੁਲ ਨੇ ‘ਐਟ ਹੋਮ’ ਪ੍ਰੋਗਰਾਮ ’ਚ ‘ਗਮਛਾ’ ਨਹੀਂ ਪਹਿਨ ਕੇ ਉੱਤਰ-ਪੂਰਬ ਦਾ ਅਪਮਾਨ ਕੀਤਾ
ਸ਼ਾਹ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਉਨ੍ਹਾਂ ਨੇ ਗਣਤੰਤਰ ਦਿਵਸ ਦੇ ਮੌਕੇ ’ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਆਯੋਜਿਤ ‘ਐਟ ਹੋਮ’ ਪ੍ਰੋਗਰਾਮ ’ਚ ਉਨ੍ਹਾਂ ਨੂੰ ਭੇਟ ਕੀਤਾ ਗਿਆ ਗਮਛਾ (ਗਮੋਸਾ) ਪਹਿਨਣ ਤੋਂ ਇਨਕਾਰ ਕਰ ਕੇ ਉੱਤਰ-ਪੂਰਬ ਦਾ ਅਪਮਾਨ ਕੀਤਾ ਹੈ। ਸ਼ਾਹ ਨੇ ਇੱਥੇ ‘ਖਾਨਿਕਾਰ ਪਰੇਡ ਗਰਾਊਂਡ’ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਵਿਦੇਸ਼ ਤੋਂ ਆਏ ਮਹਿਮਾਨਾਂ ਸਮੇਤ ਸਾਰੀਆਂ ਸ਼ਖਸੀਅਤਾਂ ਨੇ ਸਨਮਾਨ ਦੇ ਪ੍ਰਤੀਕ ਵਜੋਂ ‘ਗਮਛਾ’ ਪਹਿਨਿਆ ਸੀ ਪਰ ਗਾਂਧੀ ਇਕਲੌਤੇ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਇਸ ਨੂੰ ਪਹਿਨਣ ਤੋਂ ਇਨਕਾਰ ਕਰ ਦਿੱਤਾ।
