ASI ਦਾ ਦਾਅਵਾ- ਸੰਭਲ ਜਾਮਾ ਮਸਜਿਦ ’ਚ ਹੋਈ ਗੈਰ-ਕਾਨੂੰਨੀ ਉਸਾਰੀ
Sunday, Dec 01, 2024 - 11:26 AM (IST)
![ASI ਦਾ ਦਾਅਵਾ- ਸੰਭਲ ਜਾਮਾ ਮਸਜਿਦ ’ਚ ਹੋਈ ਗੈਰ-ਕਾਨੂੰਨੀ ਉਸਾਰੀ](https://static.jagbani.com/multimedia/2024_12image_11_26_122002745jamamasjid.jpg)
ਸੰਭਲ- ਭਾਰਤੀ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਵਿਭਾਗ ਨੇ ਸੰਭਲ ਦੀ ਸ਼ਾਹੀ ਜਾਮਾ ਮਸਜਿਦ ਬਾਰੇ ਅਦਾਲਤ ’ਚ ਹਲਫ਼ਨਾਮਾ ਦਾਇਰ ਕੀਤਾ ਹੈ। ਪਿਛਲੇ ਐਤਵਾਰ ਇੱਥੇ ਸਰਵੇਖਣ ਦੌਰਾਨ ਹਿੰਸਾ ਭੜਕ ਗਈ ਸੀ। ਏ. ਐੱਸ. ਆਈ ਨੇ ਆਪਣੇ ਹਲਫਨਾਮੇ ’ਚ ਮਸਜਿਦ ’ਚ ਗੈਰ-ਕਾਨੂੰਨੀ ਉਸਾਰੀ ਦੇ ਹੋਣ ਦੀ ਗੱਲ ਕੀਤੀ ਹੈ। ਏ. ਐੱਸ. ਆਈ. ਦਾ ਕਹਿਣਾ ਹੈ ਕਿ ਨਾਜਾਇਜ਼ ਉਸਾਰੀ ਕਾਰਨ ਮਸਜਿਦ ਦਾ ਅਸਲੀ ਰੂਪ ਬਦਲ ਗਿਆ ਹੈ। ਮੁੱਖ ਗੁੰਬਦ ਦੀ ਛੱਤ ਦੇ ਪਿਛਲੇ ਪਾਸੇ ਨਵੀਂ ਉਸਾਰੀ ਕਰਵਾਈ ਗਈ ਹੈ।
ਹਲਫ਼ਨਾਮੇ ’ਚ ਏ. ਐੱਸ. ਆਈ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਜਾਮਾ ਮਸਜਿਦ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ। ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਮਸਜਿਦ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ 1920 ਤੋਂ ਸਾਡੇ ਸਿਰ ਹੈ। ਇਸ ਦੇ ਬਾਵਜੂਦ ਸਾਡੀ ਟੀਮ ਨੂੰ ਮਸਜਿਦ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਇਸ ਲਈ ਇਸ ਸਮੇਂ ਸਾਡੇ ਕੋਲ ਮੌਜੂਦਾ ਰੂਪ ਬਾਰੇ ਜਾਣਕਾਰੀ ਨਹੀਂ ਹੈ। ਏ. ਐੱਸ. ਆਈ. ਨੇ 1998 ’ਚ ਇਸ ਮਸਜਿਦ ਦਾ ਦੌਰਾ ਕੀਤਾ ਸੀ।