ਪਾਇਲਟ ਨੂੰ ਮੇਰੇ ਬੇਟੇ ਦੀ ਹਾਰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ  : ਅਸ਼ੋਕ ਗਹਿਲੋਤ

06/04/2019 10:34:28 AM

ਜੈਪੁਰ— ਲੋਕ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਰਾਜਸਥਾਨ ਕਾਂਗਰਸ 'ਚ ਕੁਝ ਵੀ ਠੀਕ ਨਹੀਂ ਹੈ। ਪਾਰਟੀ ਦੀ ਅੰਦਰੂਨੀ ਲੜਾਈ ਉਸ ਸਮੇਂ ਹੋਰ ਅੱਗੇ ਵਧ ਗਈ, ਜਦੋਂ ਅਸ਼ੋਕ ਗਹਿਲੋਤ ਨੇ ਕਿਹਾ ਕਿ ਪਾਰਟੀ ਪ੍ਰਦੇਸ਼ ਕਮੇਟੀ ਦੇ ਚੀਫ ਅਤੇ ਸਰਕਾਰ 'ਚ ਉਨ੍ਹਾਂ ਦੇ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਉਨ੍ਹਾਂ ਦੇ ਬੇਟੇ ਵੈਭਵ ਗਹਿਲੋਤ ਦੀ ਜੋਧਪੁਰ ਤੋਂ ਹਾਰ ਦੀ ਵੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਇਕ ਨਿਊਜ਼ ਚੈਨਲ ਨਾਲ ਗੱਲਬਾਤ 'ਚ ਸਚਿਨ ਪਾਇਲਟ ਨੇ ਇਸ 'ਤੇ ਕੋਈ ਕਮੈਂਟ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਗਹਿਲੋਤ ਦੇ ਇਸ ਬਿਆਨ 'ਤੇ ਹੈਰਾਨੀ ਜ਼ਾਹਰ ਕੀਤੀ। ਇਕ ਇੰਟਰਵਿਊ 'ਚ ਗਹਿਲੋਤ ਤੋਂ ਪੁੱਛਿਆ ਗਿਆ ਕਿ ਕੀ ਇਹ ਸੱਚ ਹੈ ਕਿ ਜੋਧਪੁਰ ਤੋਂ ਤੁਹਾਡੇ ਬੇਟੇ ਦਾ ਨਾਂ ਪਾਇਲਟ ਨੇ ਹੀ ਸੁਝਾਇਆ ਸੀ? ਗਹਿਲੋਤ ਨੇ ਕਿਹਾ,''ਜੇਕਰ ਪਾਇਲਟ ਨੇ ਅਜਿਹਾ ਕੀਤਾ ਸੀ ਤਾਂ ਇਹ ਚੰਗੀ ਗੱਲ ਹੈ। ਇਹ ਸਾਡੇ ਦੋਹਾਂ ਦਰਮਿਆਨ ਮਤਭੇਦ ਦੀਆਂ ਖਬਰਾਂ ਨੂੰ ਖਾਰਜ ਕਰਦੀ ਹੈ।''

ਇਸ ਬਿਆਨ 'ਚ ਉਨ੍ਹਾਂ ਨੇ ਕਿਹਾ,''ਪਾਇਲਟ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਉਹ ਵੱਡੇ ਅੰਤਰ ਤੋਂ ਜਿੱਤੇਗਾ, ਕਿਉਂਕਿ ਸਾਡੇ ਉੱਥੇ 6 ਵਿਧਾਇਕ ਹਨ ਅਤੇ ਸਾਡੀ ਚੋਣ ਮੁਹਿੰਮ ਵਧੀਆ ਸੀ ਤਾਂ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਵੈਭਵ ਦੀ ਹਾਰ ਦੀ ਜ਼ਿੰਮੇਵਾਰੀ ਤਾਂ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਅਸੀਂ ਇੱਥੇ ਕਿਉਂ ਹਾਰੇ।''

ਜਦੋਂ ਗਹਿਲੋਤ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਸੱਚੀ ਲੱਗਦਾ ਹੈ ਕਿ ਜੋਧਪੁਰ 'ਚ ਮਿਲੀ ਹਾਰ ਲਈ ਪਾਇਲਟ ਜ਼ਿੰਮੇਵਾਰ ਹਨ ਤਾਂ ਉਨ੍ਹਾਂ ਨੇ ਕਿਹਾ,''ਪਾਇਲਟ ਨੇ ਕਿਹਾ ਸੀ ਕਿ ਅਸੀਂ ਜਿੱਤਣ ਵਾਲੇ ਹਾਂ ਅਤੇ ਉਨ੍ਹਾਂ ਨੇ ਵੈਭਵ ਲਈ ਪਾਰਟੀ ਦਾ ਟਿਕਟ ਲਿਆ ਪਰ ਅਸੀਂ ਸਾਰੀਆਂ 25 ਸੀਟਾਂ ਹਾਰ ਗਏ। ਜੇਕਰ ਕੋਈ ਕਹਿੰਦਾ ਹੈ ਕਿ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਮੂਹਕ ਜ਼ਿੰਮੇਵਾਰੀ ਹੈ।'' ਗਹਿਲੋਤ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਪਾਇਲਟ ਦੇ ਸਮਰਥਕਾਂ ਨੇ ਕਿਹਾ ਸੀ ਕਿ ਮੁੱਖ ਮੰਤਰੀ ਦੇ ਕੰਮ ਕਰਨ ਦੇ ਰਵੱਈਏ ਕਾਰਨ ਸਾਨੂੰ ਰਾਜ 'ਚ ਹਾਰ ਮਿਲੀ ਹੈ।


DIsha

Content Editor

Related News