ਅਸ਼ੋਕ ਗਹਿਲੋਤ ਨੇ ਮੁੱਖ ਮੰਤਰੀ ਕੈਪਟਨ ਨੂੰ ਲਿਖੀ ਚਿੱਠੀ, ਕੀਤੀ ਇਹ ਬੇਨਤੀ

06/12/2019 5:37:09 PM

ਜੈਪੁਰ (ਵਾਰਤਾ)— ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ। ਇਸ ਚਿੱਠੀ 'ਚ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਨੂੰ ਫਿਰੋਜ਼ਪੁਰ ਫੀਡਰ ਦੀ ਮੁਰੰਮਤ ਦਾ ਕੰਮ ਛੇਤੀ ਨੇਪੜੇ ਚਾੜ੍ਹਨ ਦੀ ਬੇਨਤੀ ਕੀਤੀ ਹੈ, ਤਾਂ ਕਿ ਗੰਗਨਹਿਰ ਅਤੇ ਭਾਖੜਾ ਸਿੰਚਾਈ ਪ੍ਰਣਾਲੀ ਦੇ ਕਿਸਾਨਾਂ ਨੂੰ ਉੱਚਿਤ ਮਾਤਰਾ ਵਿਚ ਪਾਣੀ ਉਪਲੱਬਧ ਹੋ ਸਕੇ। ਗਹਿਲੋਤ ਨੇ ਚਿੱਠੀ ਵਿਚ ਕਿਹਾ ਕਿ 1960 ਦੇ ਦਹਾਕੇ ਵਿਚ ਬਣੀ ਫਿਰੋਜ਼ਪੁਰ ਫੀਡਰ ਦੀ ਲਾਈਨਿੰਗ ਥਾਂ-ਥਾਂ ਨੁਕਸਾਨੇ ਜਾਣ ਕਾਰਨ ਇਸ 'ਚੋਂ ਪਾਣੀ ਦੇ ਪ੍ਰਵਾਹ ਦੀ ਸਮਰੱਥਾ ਕਾਫੀ ਘੱਟ ਹੋ ਗਈ ਹੈ। 


ਰਿ-ਲਾਈਨਿੰਗ ਤੋਂ ਸਮਰੱਥਾ ਵਿਚ ਸੁਧਾਰ ਹੋਵੇਗਾ ਅਤੇ ਪਾਣੀ ਦੀ ਸਪਲਾਈ 'ਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਪਾਣੀ 'ਚ ਵਾਧਾ ਹੋਣ ਨਾਲ ਪੱਛਮੀ ਰਾਜਸਥਾਨ ਦੀ ਗੰਗਨਹਿਰ ਅਤੇ ਭਾਖੜਾ ਸਿੰਚਾਈ ਪ੍ਰਣਾਲੀ ਦੇ ਕਿਸਾਨਾਂ ਨੂੰ ਸਮੇਂ 'ਤੇ ਉੱਚਿਤ ਪਾਣੀ ਉਪਲੱਬਧ ਕਰਵਾਇਆ ਜਾ ਸਕੇਗਾ। ਹਾਲ ਹੀ 'ਚ ਇੰਦਰਾ ਗਾਂਧੀ ਨਹਿਰ ਪ੍ਰਾਜੈਕਟ ਵਿਚ 30 ਦਿਨ ਦੀ ਨਹਿਰ ਬੰਦੀ ਦੌਰਾਨ ਕਰੀਬ 23 ਕਿਲੋਮੀਟਰ ਮੁਰੰਮਤ ਦਾ ਕੰਮ ਕੀਤਾ ਗਿਆ ਹੈ। ਅੱਗੇ ਵੀ ਮੁਰੰਮਤ ਦੇ ਕੰਮ ਪ੍ਰਸਤਾਵਿਤ ਹਨ, ਤਾਂ ਕਿ ਕਿਸਾਨਾਂ ਨੂੰ ਪਾਣੀ ਉਪਲੱਬਧ ਕਰਾਉਣ ਵਿਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਚਿੱਠੀ ਵਿਚ ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਸਰਕਾਰ ਕਿਸਾਨਾਂ ਨੂੰ ਉੱਚਿਤ ਮਾਤਰਾ 'ਚ ਸਿੰਚਾਈ ਲਈ ਪਾਣੀ ਉਪਲੱਬਧ ਕਰਾਉਣ ਲਈ ਵਚਨਬੱਧਤਾ ਦੇ ਨਾਲ ਕੰਮ ਕਰ ਰਹੀ ਹੈ।


Tanu

Content Editor

Related News