ਭਾਜਪਾ ਦੇ ਆਉਂਦਿਆਂ ਹੀ ਆਸਨਸੋਲ ’ਚ 17 ਸਾਲਾਂ ਤੋਂ ਬੰਦ ਮੰਦਰ ਖੁੱਲ੍ਹਿਆ

Wednesday, May 06, 2026 - 12:08 AM (IST)

ਭਾਜਪਾ ਦੇ ਆਉਂਦਿਆਂ ਹੀ ਆਸਨਸੋਲ ’ਚ 17 ਸਾਲਾਂ ਤੋਂ ਬੰਦ ਮੰਦਰ ਖੁੱਲ੍ਹਿਆ

ਕੋਲਕਾਤਾ- ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਜਿੱਤ ਮਿਲਦੇ ਹੀ ਪੱਛਮੀ ਬਰਧਮਾਨ ਜ਼ਿਲੇ ਦੇ ਆਸਨਸੋਲ ਵਿਚ 17 ਸਾਲਾਂ ਤੋਂ ਬੰਦ ਇਕ ਮੰਦਰ ਦੇ ਕਿਵਾੜ ਖੁੱਲ੍ਹ ਗਏ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਸਲਿਮ ਸਮਾਜ ਦੇ ਲੋਕਾਂ ਦੇ ਇਤਰਾਜ਼ ਕਾਰਨ ਮੰਦਰ ਪੂਰਾ ਸਾਲ ਬੰਦ ਰਹਿੰਦਾ ਸੀ। ਸਿਰਫ਼ ਦੁਰਗਾ ਪੂਜਾ ਦੇ ਸਮੇਂ ਹੀ ਇਸ ਨੂੰ ਖੋਲ੍ਹਿਆ ਜਾਂਦਾ ਸੀ, ਪਰ ਹੁਣ ਭਾਜਪਾ ਦੀ ਜਿੱਤ ਤੋਂ ਬਾਅਦ ਮੰਦਰ ਦੇ ਕਿਵਾੜ ਖੁੱਲ੍ਹ ਗਏ ਹਨ। ਇਹ ਦੁਰਗਾ ਮੰਦਰ ਆਸਨਸੋਲ ਦੇ ਬਾਸਟਿਨ ਬਾਜ਼ਾਰ ਵਿਚ ਸਥਿਤ ਹੈ।

ਬੰਗਾਲ ਵਿਚ ਭਾਜਪਾ ਦੀ ਵੱਡੀ ਜਿੱਤ ਤੋਂ ਬਾਅਦ ਦੁਰਗਾ ਮੰਦਰ ਦੇ ਖੁੱਲ੍ਹਦਿਆਂ ਹੀ ਇਲਾਕੇ ਵਿਚ ਅਚਾਨਕ ਚਹਿਲ-ਪਹਿਲ ਵਧ ਗਈ ਅਤੇ ਵੱਡੀ ਗਿਣਤੀ ’ਚ ਸ਼ਰਧਾਲੂ ਮੰਦਰ ਪਹੁੰਚਣ ਲੱਗੇ। ਇੱਥੋਂ ਭਾਜਪਾ ਦੀ ਟਿਕਟ ’ਤੇ ਚੋਣ ਲੜੇ ਕ੍ਰਿਸ਼ਨੇਂਦੂ ਮੁਖਰਜੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਜਿੱਤ ਹਾਸਲ ਕਰਨਗੇ ਤਾਂ ਮੰਦਰ ਨੂੰ ਖੁੱਲ੍ਹਵਾਉਣਗੇ। ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਦੇ ਨਾਲ ਜਦੋਂ ਕ੍ਰਿਸ਼ਨੇਂਦੂ ਮੁਖਰਜੀ ਵੀ ਜਿੱਤ ਗਏ, ਤਾਂ ਉਨ੍ਹਾਂ ਨੇ ਤੁਰੰਤ ਆਪਣਾ ਵਾਅਦਾ ਪੂਰਾ ਕਰ ਦਿੱਤਾ।


author

Rakesh

Content Editor

Related News