ਬਿਹਾਰ ’ਚ ਤੀਜੇ ਮੋਰਚੇ ਦੀਆਂ ਕੋਸ਼ਿਸ਼ਾਂ ਤੇਜ਼, 100 ਸੀਟਾਂ ’ਤੇ ਉਮੀਦਵਾਰ ਉਤਾਰਨ ਦੀ ਤਿਆਰੀ ’ਚ ਓਵੈਸੀ

Saturday, Oct 11, 2025 - 08:50 PM (IST)

ਬਿਹਾਰ ’ਚ ਤੀਜੇ ਮੋਰਚੇ ਦੀਆਂ ਕੋਸ਼ਿਸ਼ਾਂ ਤੇਜ਼, 100 ਸੀਟਾਂ ’ਤੇ ਉਮੀਦਵਾਰ ਉਤਾਰਨ ਦੀ ਤਿਆਰੀ ’ਚ ਓਵੈਸੀ

ਪਟਨਾ, (ਭਾਸ਼ਾ)- ਬਿਹਾਰ ਵਿਧਾਨ ਸਭਾ ਚੋਣਾਂ ਵਿਚ ਰਾਸ਼ਟਰੀ ਲੋਕਤੰਤਰੀ ਗੱਠਜੋੜ (ਰਾਜਗ) ਅਤੇ ਮਹਾਗੱਠਜੋੜ ਤੋਂ ਵੱਖ ਇਕ ਤੀਜੇ ਮੋਰਚੇ ਦੀ ਅਗਵਾਈ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ. ਆਈ. ਐੱਮ. ਆਈ. ਐੱਮ.) ਵੱਲੋਂ ਕੀਤੀ ਜਾ ਰਹੀ ਹੈ, ਜਿਸਦੀ ਕਮਾਂਡ ਪਾਰਟੀ ਮੁਖੀ ਅਸਦੁਦੀਨ ਓਵੈਸੀ ਨੇ ਖੁਦ ਸੰਭਾਲੀ ਹੈ। ਹੈਦਰਾਬਾਦ ਤੋਂ ਸੰਸਦ ਮੈਂਬਰ ਓਵੈਸੀ ਨੇ ਹਾਲ ਹੀ ਵਿਚ ਸੀਮਾਂਚਲ ਖੇਤਰ ਦਾ ਵਿਆਪਕ ਦੌਰਾ ਕੀਤਾ ਹੈ, ਜਿਸਨੂੰ ਪਾਰਟੀ ਦਾ ਰਵਾਇਤੀ ਗੜ੍ਹ ਮੰਨਿਆ ਜਾਂਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਸੀਮਾਂਚਲ ਬਿਹਾਰ ਦੇ ਉੱਤਰ-ਪੂਰਬੀ ਹਿੱਸੇ ਨੂੰ ਕਿਹਾ ਜਾਂਦਾ ਹੈ।

ਇਸ ਵਿਚ 4 ਜ਼ਿਲੇ ਕਟਿਹਾਰ, ਕਿਸ਼ਨਗੰਜ, ਅਰਰੀਆ ਅਤੇ ਪੂਰਨੀਆ ਸ਼ਾਮਲ ਹਨ। ਇਹ ਖੇਤਰ ਲੰਬੇ ਸਮੇਂ ਤੋਂ ਮੁਸਲਿਮ ਬਹੁਗਿਣਤੀ ਆਬਾਦੀ, ਗਰੀਬੀ ਅਤੇ ਵਿਕਾਸ ਦੀ ਘਾਟ ਕਾਰਨ ਰਾਜਨੀਤਿਕ ਪਾਰਟੀਆਂ ਲਈ ਆਕਰਸ਼ਨ ਦਾ ਕੇਂਦਰ ਰਿਹਾ ਹੈ। ਏ. ਆਈ. ਐੱਮ. ਆਈ. ਐੱਮ. ਦੇ ਸੂਬਾ ਪ੍ਰਧਾਨ ਅਖਤਰੁਲ ਇਮਾਨ ਨੇ ਕਿਹਾ ਕਿ ਅਸੀਂ ਬਿਹਾਰ ਚੋਣਾਂ ਵਿਚ ਤੀਜਾ ਬਦਲ ਪੇਸ਼ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹਾਂ। ਸਾਡੀ ਯੋਜਨਾ 100 ਸੀਟਾਂ ’ਤੇ ਉਮੀਦਵਾਰ ਉਤਾਰਨ ਦੀ ਹੈ।

2015 ’ਚ ਪਹਿਲੀ ਵਾਰ ਅਜਮਾਈ ਸੀ ਕਿਸਮਤ

ਏ. ਆਈ. ਐੱਮ. ਆਈ. ਐੱਮ. ਨੇ 2015 ਵਿਚ ਪਹਿਲੀ ਵਾਰ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਕਿਸਮਤ ਅਜਮਾਈ ਸੀ। ਪਾਰਟੀ ਨੇ ਸੀਮਾਂਚਲ ਦੀਆਂ 6 ਸੀਟਾਂ ’ਤੇ ਉਮੀਦਵਾਰ ਉਤਾਰੇ ਸਨ ਪਰ ਉਸਨੂੰ ਕੋਈ ਸਫਲਤਾ ਨਹੀਂ ਮਿਲੀ। ਹਾਲਾਂਕਿ, ਕਿਸ਼ਨਗੰਜ ਦੀ ਕੋਚਾਧਾਮਨ ਵਿਧਾਨ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਸੂੂਬਾ ਪ੍ਰਧਾਨ ਅਖਤਰੁਲ ਇਮਾਨ ਨੂੰ ਲੱਗਭਗ 37 ਹਜ਼ਾਰ ਵੋਟਾਂ ਮਿਲੀਆਂ ਸਨ ਜੋ ਕੁੱਲ ਵੋਟਾਂ ਦਾ ਲੱਗਭਗ 26 ਫੀਸਦੀ ਸਨ।

2020 ’ਚ 5 ਸੀਟਾਂ ’ਤੇ ਮਿਲੀ ਜਿੱਤ

ਸਾਲ 2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਓਵੈਸੀ ਦੀ ਪਾਰਟੀ ਨੇ 20 ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰ ਕੇ ਆਪਣੀ ਰਾਜਨੀਤਿਕ ਤਾਕਤ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਚੋਣਾਂ ਵਿਚ ਏ. ਆਈ. ਐੱਮ. ਆਈ. ਐੱਮ. ਨੇ ਸੀਮਾਂਚਲ ਦੀਆਂ 5 ਸੀਟਾਂ ਜਿੱਤੀਆਂ-ਅਮੌਰ, ਬਹਾਦਰਗੰਜ, ਬਾਇਸੀ, ਕੋਚਾਧਾਮਨ ਅਤੇ ਜੋਕੀਹਾਟ ’ਤੇ ਜਿੱਤ ਹਾਸਲ ਕੀਤੀ ਸੀ। ਜੇਤੂ ਉਮੀਦਵਾਰਾਂ ਵਿਚ ਆਮੌਰ ਤੋਂ ਅਖਤਰੁਲ ਇਮਾਨ, ਬਹਾਦਰਗੰਜ ਤੋਂ ਮੁਹੰਮਦ ਅੰਜਾਰ ਨਇਮੀ, ਬਾਇਸੀ ਤੋਂ ਸਈਅਦ ਰੁਕਨੁਦੀਨ, ਕੋਚਾਧਾਮਨ ਤੋਂ ਇਜ਼ਹਾਰ ਅਸਰਫੀ ਅਤੇ ਜੋਕੀਹਾਟ ਤੋਂ ਸ਼ਾਹਨਵਾਜ਼ ਆਲਮ ਸ਼ਾਮਲ ਸਨ।

ਸੂਬੇ ਵਿਚ ਮੁਸਲਿਮ ਆਬਾਦੀ 17.7 ਫੀਸਦੀ ਤੋਂ ਜ਼ਿਆਦਾ

ਬਿਹਾਰ ਵਿਚ ਮੁਸਲਮਾਨਾਂ ਦੀ ਆਬਾਦੀ 17.7 ਫੀਸਦੀ ਤੋਂ ਵੱਧ ਹੈ ਅਤੇ ਸੂਬੇ ਦੀਆਂ 47 ਵਿਧਾਨ ਸਭਾ ਸੀਟਾਂ ਅਜਿਹੀਆਂ ਹਨ ਜਿਥੇ ਮੁਸਲਿਮ ਵੋਟਰ ਫੈਸਲਾਕੁੰਨ ਕਿਰਦਾਰ ਨਿਭਾਅ ਸਕਦੇ ਹਨ। ਇਨ੍ਹਾਂ ਵਿਚ 11 ਸੀਟਾਂ ’ਤੇ ਮੁਸਲਿਮ ਆਬਾਦੀ 40 ਫੀਸਦੀ ਤੋਂ ਵੱਧ, 7 ਸੀਟਾਂ ’ਤੇ 30 ਫੀਸਦੀ ਤੋਂ ਵੱਧ ਅਤੇ 29 ਸੀਟਾਂ ’ਤੇ 20 ਤੋਂ 30 ਫੀਸਦੀ ਵਿਚਾਹੇ ਹੈ। ਇਸ ਵਿਚੋਂ ਜ਼ਿਆਦਾਤਰ ਸੀਟਾਂ ਸੀਮਾਂਚਲ ਵਿਚ ਹੀ ਹਨ।


author

Rakesh

Content Editor

Related News