ਦਿੱਲੀ ’ਚ ਕੋਰੋਨਾ ਦੇ ਵਧਦੇ ਕੇਸਾਂ ਨੂੰ ਲੈ ਕੇ ਕੇਜਰੀਵਾਲ ਦਾ ਵੱਡਾ ਬਿਆਨ
Thursday, Mar 18, 2021 - 06:29 PM (IST)
ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ ’ਚ ਕੋਵਿਡ-19 ਕੇਸਾਂ ਨੂੰ ਦੇਖਦੇ ਹੋਏ ਵੱਡਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਦਿੱਲੀ ’ਚ ਟੀਕਾਕਰਨ ਨੂੰ ਤੇਜ਼ੀ ਨਾਲ ਵਧਾਇਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰੋਜ਼ਾਨਾ 40 ਹਜ਼ਾਰ ਦੀ ਬਜਾਏ 1.25 ਲੱਖ ਲੋਕਾਂ ਨੂੰ ਟੀਕੇ ਲਾਉਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਇਹ ਵੀ ਕਿਹਾ ਕਿ ਬੀਤੇ 3 ਦਿਨਾਂ ਤੋਂ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਰੋਜ਼ਾਨਾ 500 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਪਰ ਡਰਨ ਦੀ ਲੋੜ ਨਹੀਂ ਹੈ। ਫਿਰ ਵੀ ਉਨ੍ਹਾਂ ਦੀ ਸਰਕਾਰ ਨੇ ਅਧਿਕਾਰੀਆਂ ਨੂੰ ਇਸ ਸਬੰਧ ਵਿਚ ਸਖ਼ਤ ਨਿਰਦੇਸ਼ ਦਿੱਤੇ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਟੀਕਾਕਰਨ ਕੇਂਦਰਾਂ ਦੀ ਗਿਣਤੀ ਦੁੱਗਣੀ ਕੀਤੀ ਜਾਵੇਗੀ ਅਤੇ ਉਹ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ।
ਕੇਜਰੀਵਾਲ ਨੇ ਕਿਹਾ ਕਿ ਕੇਂਦਰ ਨੂੰ ਅਪੀਲ ਕਰਨਾ ਚਾਹੰੁਦਾ ਹਾਂ ਕਿ ਵੈਕਸੀਨ ਲਗਾਉਣ ਲਈ ਨਿਯਮਾਂ ਵਿਚ ਛੋਟ ਦਿੱਤੀ ਜਾਵੇ, ਤਾਂ ਕਿ ਨਵੇਂ ਕੇਂਦਰ ਖੋਲ੍ਹਣ ’ਚ ਆਸਾਨੀ ਹੋਵੇ। ਫ਼ਿਲਹਾਲ ਪੂਰੇ ਦੇਸ਼ ਵਿਚ ਸਿਹਤ ਕਾਮਿਆਂ, ਮੋਹਰੀ ਮੋਰਚੇ ’ਤੇ ਤਾਇਨਾਤ ਕਾਮਿਆਂ, 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਵੱਖ-ਵੱਖ ਰੋਗਾਂ ਨਾਲ ਜੂਝ ਰਹੇ 45 ਤੋਂ 60 ਸਾਲ ਦੇ ਲੋਕਾਂ ਨੂੰ ਟੀਕੇ ਲਾਏ ਜਾ ਰਹੇ ਹਨ।