ਕੇਜਰੀਵਾਲ ਮੁੜ ਮੁੱਖ ਮੰਤਰੀ ਬਣੇ ਤਾਂ ਕਰਨਗੇ ਸ਼ੀਲਾ ਦੀਕਸ਼ਤ ਦੇ ਰਿਕਾਰਡ ਦੀ ਬਰਾਬਰੀ

01/19/2020 1:33:26 PM

ਨਵੀਂ ਦਿੱਲੀ (ਵਾਰਤਾ)— ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇਸ ਵਾਰ ਦੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਪਣੀ ਪਾਰਟੀ ਨੂੰ ਜਿੱਤਾ ਕੇ ਮੁੱਖ ਮੰਤਰੀ ਬਣਨ 'ਚ ਸਫਲ ਹੁੰਦੇ ਹਨ, ਤਾਂ ਉਹ ਮਰਹੂਮ ਸ਼ੀਲਾ ਦੀਕਸ਼ਤ ਦੇ ਰਿਕਾਰਡ ਦੀ ਬਰਾਬਰੀ ਕਰਨਗੇ। ਇੱਥੇ ਦੱਸ ਦੇਈਏ ਕਿ ਕਾਂਗਰਸ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਕਰੀਬ 15 ਸਾਲ ਦਿੱਲੀ ਦੀ ਸੱਤਾ ਸੰਭਾਲੀ ਸੀ। ਉਹ ਲਗਾਤਾਰ 3 ਵਾਰ ਦਿੱਲੀ ਦੀ ਮੁੱਖ ਮੰਤਰੀ ਬਣੀ। 8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਜੇਕਰ 'ਆਪ' ਪਾਰਟੀ ਜਿੱਤਦੀ ਹੈ ਤਾਂ ਕੇਜਰੀਵਾਲ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ। ਕੇਜਰੀਵਾਲ ਦੋ ਵਾਰ ਇਸ ਅਹੁਦੇ 'ਤੇ ਹਨ ਪਰ ਉਨ੍ਹਾਂ ਦਾ ਪਹਿਲਾ ਕਾਰਜਕਾਲ ਮਹਿਜ 49 ਦਿਨਾਂ ਦਾ ਸੀ। ਸ਼ੀਲਾ ਦੀਕਸ਼ਤ ਨੇ ਜਿੱਥੇ ਮੁੱਖ ਮੰਤਰੀ ਦੇ ਰੂਪ ਵਿਚ 3 ਕਾਰਜਕਾਲ ਪੂਰੇ ਕੀਤੇ, ਉੱਥੇ ਭਾਜਪਾ ਪਾਰਟੀ ਵਲੋਂ ਇਕ ਹੀ ਕਾਰਜਕਾਲ ਵਿਚ 3 ਮੁੱਖ ਮੰਤਰੀ ਬਣੇ। 

ਦਿੱਲੀ 'ਚ 1993 'ਚ ਵਿਧਾਨ ਸਭਾ ਦਾ ਗਠਨ—
ਦਿੱਲੀ 'ਚ 1993 'ਚ ਵਿਧਾਨ ਸਭਾ ਦਾ ਗਠਨ ਹੋਣ ਤੋਂ ਬਾਅਦ ਹੋਈਆਂ ਚੋਣਾਂ ਵਿਚ ਭਾਜਪਾ ਨੂੰ ਜਿੱਤ ਮਿਲੀ ਅਤੇ ਮਦਨ ਲਾਲਾ ਖੁਰਾਨਾ ਦਸੰਬਰ 1993 'ਚ ਮੁੱਖ ਮੰਤਰੀ ਬਣੇ। ਹਵਾਲਾ ਕਾਂਡ ਵਿਚ ਨਾਮ ਆਉਣ ਕਾਰਨ ਫਰਵਰੀ 1996 'ਚ ਮੁੱਖ ਮੰਤਰੀ ਅਹੁਦੇ ਤੋਂ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਅਤੇ ਉਨ੍ਹਾਂ ਦੀ ਥਾਂ ਸਾਹਿਬ ਸਿੰਘ ਵਰਮਾ ਨੇ ਇਹ ਅਹੁਦਾ ਸੰਭਾਲਿਆ। ਭਾਜਪਾ ਨੇ 1998 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਮਰਹੂਮ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮੁੱਖ ਮੰਤਰੀ ਬਣੀ। ਇਨ੍ਹਾਂ ਚੋਣਾਂ ਵਿਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਸੁਸ਼ਮਾ ਸਵਰਾਜ ਇਸ ਅਹੁਦੇ 'ਤੇ ਦੋ ਮਹੀਨੇ ਵੀ ਪੂਰੇ ਨਹੀਂ ਕਰ ਸਕੀ। 

ਸ਼ੀਲਾ ਦੀਕਸ਼ਤ ਨੇ ਦਸੰਬਰ 1998 'ਚ ਸੰਭਾਲਿਆ ਮੁੱਖ ਮੰਤਰੀ ਦਾ ਅਹੁਦਾ—
ਸਾਲ 1998 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਤੋਂ ਬਾਅਦ ਸ਼ੀਲਾ ਦੀਕਸ਼ਤ ਨੇ ਦਸੰਬਰ 1998 'ਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ। ਉਨ੍ਹਾਂ ਦੀ ਅਗਵਾਈ 'ਚ ਕਾਂਗਰਸ ਨੇ ਅਗਲੀਆਂ ਦੋ ਚੋਣਾਂ ਜਿੱਤੀਆਂ ਅਤੇ ਸ਼ੀਲਾ ਦੀਕਸ਼ਤ ਦਸੰਬਰ 2003 'ਚ ਦੂਜੀ ਵਾਰ ਅਤੇ ਨਵੰਬਰ 2008 'ਚ ਤੀਜੀ ਵਾਰ ਮੁੱਖ ਮੰਤਰੀ ਬਣੀ। ਸ਼ੀਲਾ ਦੀਕਸ਼ਤ ਦਸੰਬਰ 2013 ਤਕ ਇਸ ਅਹੁਦੇ 'ਤੇ ਬਣੀ ਰਹੀ। ਸਾਲ 2013 'ਚ ਹੋਈਆਂ ਚੋਣਾਂ ਵਿਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਜਪਾ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉੱਭਰੀ ਪਰ ਬਹੁਮਤ ਤੋਂ ਦੂਰ ਰਹੀ। 

2013 'ਚ ਕੇਜਰੀਵਾਲ ਨੇ ਸੰਭਾਲੀ ਦਿੱਲੀ ਦੀ ਕੁਰਸੀ—
ਪਹਿਲੀ ਵਾਰ ਚੋਣਾਂ ਵਿਚ ਉਤਰੀ 'ਆਪ' ਨੇ ਕਾਂਗਰਸ ਦੇ ਸਮਰਥਨ ਨਾਲ ਸਰਕਾਰ ਬਣਾਈ ਅਤੇ ਦਸੰਬਰ 2013 'ਚ ਕੇਜਰੀਵਾਲ ਮੁੱਖ ਮੰਤਰੀ ਬਣੇ। ਲੋਕਪਾਲ ਨੂੰ ਲੈ ਕੇ ਮਤਭੇਦ ਪੈਦਾ ਹੋਣ ਕਾਰਨ ਉਨ੍ਹਾਂ ਨੇ ਫਰਵਰੀ 2014 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ। ਸਾਲ 2015 'ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ 'ਆਪ' ਨੂੰ ਜ਼ਬਰਦਸਤ ਸਫਲਤਾ ਹਾਸਲ ਹੋਈ। ਉਸ ਨੇ 70 ਮੈਂਬਰੀ ਵਿਧਾਨ ਸਭਾ 'ਚ 67 ਸੀਟਾਂ ਜਿੱਤੀਆਂ ਅਤੇ ਕੇਜਰੀਵਾਲ ਫਰਵਰੀ 2015 'ਚ ਦੂਜੀ ਵਾਰ ਮੁੱਖ ਮੰਤਰੀ ਬਣੇ। ਕੀ ਇਸ ਵਾਰ ਵੀ ਕੇਜਰੀਵਾਲ ਦਾ 'ਝਾੜੂ' ਦਿੱਲੀ 'ਚ ਚੱਲੇਗਾ, ਇਹ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ।


Tanu

Content Editor

Related News