1984 ਕਤਲੇਆਮ ''ਤੇ ਕੇਜਰੀਵਾਲ ਬੋਲੇ, ਵੱਡੀਆਂ ਮੱਛੀਆਂ ਨੂੰ ਸਜ਼ਾ ਮਿਲਣਾ ਅਜੇ ਬਾਕੀ

11/17/2018 6:13:08 PM

ਨਵੀਂ ਦਿੱਲੀ (ਭਾਸ਼ਾ)— ਆਮ ਆਦਮੀ ਪਾਰਟੀ (ਆਪ) ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋ ਦੋਸ਼ੀਆਂ ਨੂੰ ਅਦਾਲਤ ਵਲੋਂ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਏ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਪਾਰਟੀ ਨੇ ਕਿਹਾ ਕਿ ਅਜੇ ਅਸਲ ਦੋਸ਼ੀਆਂ ਨੂੰ ਸਜ਼ਾ ਮਿਲਣਾ ਬਾਕੀ ਹੈ।  'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ, ''ਆਪ ਪਾਰਟੀ ਦਿੱਲੀ ਦੀ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੀ ਹੈ, ਵੱਡੀਆਂ ਮੱਛੀਆਂ ਨੂੰ ਸਜ਼ਾ ਮਿਲਣਾ ਅਜੇ ਬਾਕੀ ਹੈ।''

'ਆਪ' ਦੇ ਬੁਲਾਰੇ ਰਾਘਵ ਚੱਢਾ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਰਟੀ ਸਿੱਖ ਵਿਰੋਧੀ ਦੰਗਿਆਂ ਦੇ ਦੋ ਦੋਸ਼ੀਆਂ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਦਾ ਸਵਾਗਤ ਕਰਦੀ ਹੈ। ਇੰਨੇ ਵੱਡੇ ਕਤਲੇਆਮ ਦੇ ਮੁੱਖ ਸਾਜ਼ਿਸ਼ਕਰਤਾਵਾਂ ਨੂੰ ਸਜ਼ਾ ਮਿਲਣਾ ਅਜੇ ਬਾਕੀ ਹੈ। ਅਜਿਹੇ ਲੋਕ ਸਿਆਸੀ ਸੁਰੱਖਿਆ ਦੇ ਕਾਰਨ ਬਚਣ ਵਿਚ ਸਫਲ ਹੋਏ ਹਨ। ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਜਦੋਂ ਤਕ ਸਿੱਖ ਦੰਗਿਆਂ ਦੇ ਮੁੱਖ ਸਾਜ਼ਿਸ਼ਕਰਤਾਵਾਂ ਨੂੰ ਸਜ਼ਾ ਨਹੀਂ ਮਿਲਦੀ, ਉਦੋਂ ਤਕ ਨਿਆਂ ਅਧੂਰਾ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਸੰਸਦ ਨੂੰ ਦੇਸ਼ ਵਿਚ ਨਫਰਤ ਅਤੇ ਫਿਰਕੂ ਭੇਦਭਾਵ ਵਿਰੁੱਧ ਸਖਤ ਸੰਦੇਸ਼ ਦੇਣਾ ਚਾਹੀਦਾ ਹੈ। 

ਜ਼ਿਕਰਯੋਗ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਬੀਤੇ ਬੁੱਧਵਾਰ ਨੂੰ ਇਸ ਮਾਮਲੇ ਦੇ ਦੋਸ਼ੀਆਂ ਨਰੇਸ਼ ਸਹਿਰਾਵਤ ਅਤੇ ਯਸ਼ਪਾਲ ਸਿੰਘ ਨੂੰ 1984 ਵਿਚ ਦੱਖਣੀ ਦਿੱਲੀ 'ਚ ਦੋ ਸਿੱਖਾਂ ਦਾ ਕਤਲ ਕੀਤੇ ਜਾਣ ਦਾ ਦੋਸ਼ੀ ਠਹਿਰਾਇਆ ਸੀ। ਦੋਹਾਂ ਦੋਸ਼ੀਆਂ ਨੂੰ 20 ਨਵੰਬਰ ਨੂੰ ਅਦਾਲਤ ਸਜ਼ਾ ਸੁਣਾਏਗੀ।


Related News