ਅੰਬਾਲਾ ਏਅਰਫੋਰਸ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

Monday, Aug 24, 2020 - 05:35 PM (IST)

ਅੰਬਾਲਾ ਏਅਰਫੋਰਸ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ

ਅੰਬਾਲਾ— ਹਰਿਆਣਾ ਦੇ ਅੰਬਾਲਾ ਏਅਰਫੋਰਸ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ ਨੂੰ ਅੰਬਾਲਾ ਪੁਲਸ ਨੇ ਮਹਿਜ 48अਘੰਟਿਆਂ 'ਚ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਪੁਲਸ ਨੇ ਅੰਬਾਲਾ ਤੋਂ ਹੀ ਧਮਕੀ ਦੇਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਤੋਂ ਮਗਰੋਂ ਅੰਬਾਲਾ ਪੁਲਸ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਦੋਸ਼ੀ ਦੇ ਫੜ੍ਹੇ ਜਾਣ ਦੀ ਪੁਸ਼ਟੀ ਕੀਤੀ। ਪੁਲਸ ਨੇ ਇਸ ਗੱਲ ਦਾ ਵੀ ਖ਼ੁਲਾਸਾ ਕੀਤਾ ਕਿ ਆਖ਼ਰਕਾਰ ਕਿਉਂ ਇਸ ਨੌਜਵਾਨ ਨੇ ਅੰਬਾਲਾ ਏਅਰਫੋਰਸ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਦਰਅਸਲ ਉਕਤ ਨੌਜਵਾਨ ਨੇ ਪਿਆਰ 'ਚ ਧੋਖਾ ਮਿਲਣ 'ਤੇ ਬਦਲਾ ਲੈਣ ਲਈ ਪ੍ਰੇਮਿਕਾ ਦੇ ਨਾਂ ਤੋਂ ਅੰਬਾਲਾ ਏਅਰਫੋਰਸ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਚਿੱਠੀ ਭੇਜੀ ਸੀ। ਜਿਸ ਤੋਂ ਬਾਅਦ ਪੁਲਸ ਮਹਿਕਮੇ 'ਚ ਭਾਜੜਾਂ ਪੈ ਗਈਆਂ। ਇਹ ਚਿੱਠੀ ਏਅਰਫੋਰਸ ਸਟੇਸ਼ਨ ਦੇ ਅਧਿਕਾਰੀਆਂ ਨੂੰ ਮਿਲੀ ਸੀ। ਹੁਣ ਇਸ ਮੁੱਦੇ ਨੂੰ ਪੁਲਸ ਨੇ ਸੁਲਝਾ ਲਿਆ ਗਿਆ ਹੈ। 

ਅੰਬਾਲਾ ਏਅਰਫੋਰਸ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਵਿਸ਼ਾਲ ਨਾਂ ਦੇ ਨੌਜਵਾਨ ਨੂੰ ਪੁਲਸ ਨੇ ਵਿਜੇ ਰਤਨ ਚੌਕ ਤੋਂ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਨੇ ਦੱਸਿਆ ਕਿ ਨੌਜਵਾਨ ਠੱਗੀ ਦਾ ਸ਼ਿਕਾਰ ਹੋ ਚੁੱਕਾ ਹੈ। ਇੰਨਾ ਹੀ ਨਹੀਂ ਇਸ ਨੌਜਵਾਨ ਨੇ ਧਮਕੀ ਭਰੀ ਚਿੱਠੀ ਜਿਸ ਜਨਾਨੀ ਦੇ ਨਾਂ ਲਿਖੀ ਸੀ, ਉਸ ਦੀ ਪੜਤਾਲ ਵੀ ਪੁਲਸ ਨੇ ਪੂਰੀ ਕਰ ਲਈ ਹੈ। ਨੌਜਵਾਨ ਨੇ ਪਿਆਰ ਵਿਚ ਧੋਖਾ ਮਿਲਣ 'ਤੇ ਬਦਲਾ ਲੈਣ ਦੀ ਨੀਅਤ ਨਾਲ ਚਿੱਠੀ 'ਚ ਜਨਾਨੀ ਦਾ ਨਾਂ ਲਿਖਿਆ ਸੀ। ਫਿਲਹਾਲ ਪੁਲਸ ਇਸ ਤੋਂ ਧਮਕੀ ਭਰੀ ਚਿੱਠੀ ਦੀ ਅਸਲੀ ਕਾਪੀ ਅਤੇ ਹੋਰ ਪੁੱਛ-ਗਿੱਛ ਲਈ ਰਿਮਾਂਡ 'ਤੇ ਲੈਣ ਦੀ ਤਿਆਰੀ ਵਿਚ ਹੈ। ਉੱਥੇ ਹੀ ਨੌਜਵਾਨ ਵਿਸ਼ਾਲ ਆਪਣੇ ਕੀਤੇ ਕੰਮ 'ਤੇ ਸ਼ਰਮਿੰਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਮਨ ਵਿਚ ਜੋ ਆਇਆ ਲਿਖ ਦਿੱਤਾ ਅਤੇ ਬਿਨਾਂ ਸੋਚੇ ਸਮਝੇ ਚਿੱਠੀ ਪੋਸਟ ਕਰ ਦਿੱਤੀ। ਇਸ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਗਲਤ ਕੀਤਾ।


author

Tanu

Content Editor

Related News