ਦੇਰ ਰਾਤ ਕੋਰਟ ''ਚ ਪੇਸ਼ ਕੀਤੇ ਗਏ ਅਰਨਬ ਗੋਸਵਾਮੀ, 18 ਨਵੰਬਰ ਤੱਕ ਕਾਨੂੰਨੀ ਹਿਰਾਸਤ ''ਚ ਭੇਜਿਆ ਗਿਆ
Thursday, Nov 05, 2020 - 02:10 AM (IST)
ਅਲੀਬਾਗ (ਮਹਾਰਾਸ਼ਟਰ) - ਇੱਕ ਇੰਟੀਰੀਅਰ ਡਿਜ਼ਾਈਨਰ ਨੂੰ ਆਤਮ ਹੱਤਿਆ ਲਈ ਕਥਿਤ ਤੌਰ 'ਤੇ ਉਕਸਾਉਣ ਦੇ ਮਾਮਲੇ 'ਚ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਅਲੀਬਾਗ ਦੀ ਇੱਕ ਅਦਾਲਤ ਨੇ ਅਰਨਬ ਨੂੰ 18 ਨਵੰਬਰ ਤੱਕ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ ਹੈ। ਕੋਰਟ ਨੇ ਦੇਰ ਰਾਤ ਹੋਈ ਸੁਣਵਾਈ 'ਚ ਇਹ ਆਦੇਸ਼ ਸੁਣਾਇਆ।
ਦੂਜੇ ਪਾਸੇ ਅਰਨਬ ਨੇ ਵੀ ਜ਼ਮਾਨਤ ਲਈ ਅਰਜ਼ੀ ਦਿੱਤੀ ਜਿਸ 'ਤੇ ਅਦਾਲਤ ਨੇ ਜਾਂਚ ਅਧਿਕਾਰੀ ਨੂੰ ਜਵਾਬ ਦਾਖਲ ਕਰਨ ਨੂੰ ਕਿਹਾ ਹੈ। ਅਰਨਬ ਦੇ ਵਕੀਲ ਗੌਰਵ ਪਾਰਕਰ ਨੇ ਕਿਹਾ ਕਿ ਅਲੀਬਾਗ ਦੀ ਇੱਕ ਅਦਾਲਤ 'ਚ ਪੁਲਸ ਨੇ ਗੋਸਵਾਮੀ ਦੀ 14 ਦਿਨਾਂ ਦੀ ਹਿਰਾਸਤ ਦੇਣ ਦੀ ਅਪੀਲ ਕੀਤੀ ਸੀ। ਅਰਨਬ ਦੇ ਨਾਲ ਮਾਮਲੇ 'ਚ ਸਾਥੀ ਦੋਸ਼ੀ ਫਿਰੋਜ਼ ਸ਼ੇਖ ਅਤੇ ਨੀਤੇਸ਼ ਸ਼ਾਰਦਾ ਨੂੰ ਵੀ ਕੋਰਟ ਨੇ 14 ਦਿਨ ਦੀ ਕਾਨੂੰਨੀ ਹਿਰਾਸਤ 'ਚ ਭੇਜਿਆ ਹੈ।
ਰਾਇਗੜ ਪੁਲਸ ਦੀ ਇੱਕ ਟੀਮ ਨੇ ਅਰਨਬ ਨੂੰ ਬੁੱਧਵਾਰ ਸਵੇਰੇ ਮੁੰਬਈ 'ਚ ਉਨ੍ਹਾਂ ਦੇ ਘਰ ਤੋਂ ਹਿਰਾਸਤ 'ਚ ਲਿਆ ਸੀ। ਪੁਲਸ ਵੈਨ 'ਚ ਬਿਠਾਏ ਜਾਣ ਤੋਂ ਬਾਅਦ ਅਰਨਬ ਨੇ ਦਾਅਵਾ ਕੀਤਾ ਕਿ ਪੁਲਸ ਨੇ ਉਨ੍ਹਾਂ ਨਾਲ ਝੜਪ ਵੀ ਕੀਤੀ ਹੈ। ਇੱਕ ਪੁਲਸ ਅਧਿਕਾਰੀ ਨੇ ਦੱਸਿਆ, ‘ਪੁਲਸ ਨੇ ਆਈ.ਪੀ.ਸੀ. ਦੀ ਧਾਰਾ 306 (ਆਤਮ ਹੱਤਿਆ ਲਈ ਉਕਸਾਉਣ) ਅਤੇ 34 ਦੇ ਤਹਿਤ ਅਰਨਬ ਗੋਸਵਾਮੀ ਨੂੰ ਗ੍ਰਿਫਤਾਰ ਕੀਤਾ ਹੈ। ਅਰਨਬ ਦੇ ਵਕੀਲ ਨੇ ਵੀ ਪੁਲਸ 'ਤੇ ਹੱਥੋਪਾਈ ਦੇ ਦੋਸ਼ ਲਗਾਏ।