ਜਵਾਨ ਤਣਾਅ ''ਚ, ਸਾਂਬਾ ਅਤੇ ਸ਼੍ਰੀਨਗਰ ''ਚ 2 ਜਵਾਨਾਂ ਨੇ ਕੀਤੀ ਖੁਦਕੁਸ਼ੀ

03/21/2018 4:06:41 AM

ਸਾਂਬਾ/ਸ਼੍ਰੀਨਗਰ (ਅਜੇ, ਮਜੀਦ)— ਜੰਮੂ-ਕਸ਼ਮੀਰ ਵਰਗੇ ਹਿੰਸਾ ਤੋਂ ਪੀੜਤ ਸੂਬੇ ਵਿਚ ਜਵਾਨਾਂ 'ਤੇ ਤਣਾਅ ਦਾ ਅਸਰ ਦਿਖਾਈ ਦੇਣ ਲੱਗਾ ਹੈ। ਅੱਜ ਸਾਂਬਾ ਅਤੇ ਸ਼੍ਰੀਨਗਰ ਵਿਚ 2 ਜਵਾਨਾਂ ਨੇ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਸਾਂਬਾ ਸ਼ਹਿਰ ਦੇ ਫੌਜੀ ਖੇਤਰ ਮਹੇਸ਼ਵਰ ਵਿਚ ਫੌਜੀ ਨੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਜਵਾਨ ਦੀ ਪਛਾਣ ਨਰੇਸ਼ ਕੁਮਾਰ ਯਾਦਵ ਵਾਸੀ ਅਲਵਰ ਰਾਜਸਥਾਨ ਦੇ ਰੂਪ ਵਿਚ ਕੀਤੀ ਗਈ ਹੈ। ਜਵਾਨ ਦੀ ਮ੍ਰਿਤਕ ਦੇਹ ਨੂੰ ਪਹਿਲਾਂ ਮਿਲਟਰੀ ਹਸਪਤਾਲ ਵਿਚ ਪਹੁੰਚਾਇਆ ਗਿਆ, ਜਿਥੇ ਉਸ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਨੂੰ ਸਾਂਬਾ ਹਸਪਤਾਲ ਲਿਜਾਇਆ ਗਿਆ। ਉਥੇ ਡਾਕਟਰਾਂ ਦੀ ਇਕ ਟੀਮ ਨੇ ਉਸ ਦਾ ਪੋਸਟਮਾਰਟਮ ਕੀਤਾ। ਸੂਤਰਾਂ ਮੁਤਾਬਕ ਇਹ ਜਵਾਨ ਫੌਜ ਦੇ ਮਹੇਸ਼ਵਰ ਕੈਂਪ ਵਿਚ ਤਾਇਨਾਤ ਸੀ ਅਤੇ ਡਿਊਟੀ ਦੇਣ ਤੋਂ ਬਾਅਦ ਆਪਣੇ ਕਮਰੇ ਵਿਚ ਚਲਾ ਗਿਆ। ਸਵੇਰੇ 10 ਵਜੇ ਦੇ ਲੱਗਭਗ ਕਮਰੇ ਵਿਚੋਂ ਗੋਲੀ ਦੀ ਆਵਾਜ਼ ਸੁਣਨ ਤੋਂ ਬਾਅਦ ਉਸ ਦੇ ਸਾਥੀ ਪਹੁੰਚੇ ਅਤੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਇਸ ਸਬੰਧ ਵਿਚ ਸਾਂਬਾ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਧਰ ਕਸ਼ਮੀਰ ਦੇ ਕਾਜੀਗੁੰਡ ਕਸਬੇ ਦੇ ਮੁਗਲਗੰਡ ਵਿਚ ਫੌਜ ਜੀ 10 ਸਿੱਖ ਰੈਜੀਮੈਂਟ ਦੇ ਇਕ ਕੈਂਪ ਵਿਚ ਸਵੇਰੇ ਸਿਪਾਹੀ ਕੁਲਵਿੰਦਰ ਸਿੰਘ ਨੇ ਆਪਣੀ ਸਰਵਿਸ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ। ਗੋਲੀ ਦੀ ਆਵਾਜ਼ ਨਾਲ ਪੂਰੇ ਕੈਂਪ ਵਿਚ ਭਾਜੜ ਮਚ ਗਈ। ਜਵਾਨਾਂ ਨੇ ਗੋਲੀ ਦੀ ਆਵਾਜ਼ ਸੁਣੀ ਤਾਂ ਘਟਨਾ ਵਾਲੀ ਥਾਂ 'ਤੇ ਪਹੁੰਚੇ, ਜਿਥੇ ਕੁਲਵਿੰਦਰ ਖੂਨ ਨਾਲ ਲਥਪਥ ਪਿਆ ਸੀ। ਜਵਾਨਾਂ ਤੇ ਅਧਿਕਾਰੀਆਂ ਨੇ ਤੁਰੰਤ ਕੁਲਵਿੰਦਰ ਨੂੰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


Related News