ਹਥਿਆਰਬੰਦ ਬਲਾਂ ਨੂੰ ਉੱਨਤ ਤਕਨੀਕ ਨਾਲ ਲੈਸ ਕਰ ਰਹੀ ਹੈ ਸਰਕਾਰ : ਰਾਜਨਾਥ

Saturday, Jun 17, 2023 - 07:48 PM (IST)

ਨਵੀਂ ਦਿੱਲੀ (ਯੂ. ਐੱਨ. ਆਈ.) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸਰਕਾਰ ਰਾਸ਼ਟਰੀ ਸੁਰੱਖਿਆ ਨੂੰ ਤਰਜੀਹ ਮੰਨਦੇ ਹੋਏ ਇਸ ਨੂੰ ਮਜ਼ਬੂਤ ਬਣਾ ਰਹੀ ਹੈ ਅਤੇ ਹਥਿਆਰਬੰਦ ਬਲਾਂ ਨੂੰ ਉੱਨਤ ਤਕਨੀਕ ਨਾਲ ਲੈਸ ਕੀਤਾ ਜਾ ਰਿਹਾ ਹੈ। ਰਾਜਨਾਥ ਨੇ ਸ਼ੁੱਕਰਵਾਰ ਨੂੰ ਬੇਂਗਲੁਰੂ ’ਚ ‘ਰੱਖਿਆ ਨਿਰਮਾਣ ’ਚ ਆਤਮਨਿਰਭਰਤਾ’ ’ਤੇ ਰੱਖਿਆ ਮੰਤਰਾਲਾ ਦੀ ਸਲਾਹਕਾਰ ਕਮੇਟੀ ਦੀ ਬੈਠਕ ਦੀ ਪ੍ਰਧਾਨਤਾ ਕੀਤੀ। ਬੈਠਕ ’ਚ ਸੰਸਦ ਦੇ ਦੋਵਾਂ ਸਦਨਾਂ ਦੀ ਕਮੇਟੀ ਦੇ ਮੈਂਬਰਾਂ ਨੂੰ ਰੱਖਿਆ ਮੰਤਰਾਲਾ ਵੱਲੋਂ ਰੱਖਿਆ ਖੇਤਰ ’ਚ ਆਤਮਨਿਰਭਰਤਾ ਹਾਸਲ ਕਰਨ ਸਬੰਧੀ ਤਰਜੀਹਾਂ ਅਤੇ ਹੁਣ ਤੱਕ ਹੋਈ ਤਰੱਕੀ ਬਾਰੇ ਜਾਣੂ ਕਰਾਇਆ ਗਿਆ।

ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ ’ਤੇ 13 ਕਰੋੜ ਦੀ ਕੋਕੀਨ ਬਰਾਮਦ, ਕੀਨੀਆਈ ਔਰਤ ਗ੍ਰਿਫ਼ਤਾਰ

ਰਾਜਨਾਥ ਸਿੰਘ ਨੇ ਦੇਸ਼ ਦੀ ਸੁਰੱਖਿਆ ਨੂੰ ਪੁਖਤਾ ਬਣਾਉਣ ਅਤੇ ਹਥਿਆਰਬੰਦ ਬਲਾਂ ਨੂੰ ਕੌਮਾਂਤਰੀ ਸਿਨੇਰਿਓ ਨਾਲ ਪੈਦਾ ਚੁਣੌਤੀਆਂ ਨਾਲ ਨਜਿੱਠਣ ਲਈ ਉੱਨਤ ਤਕਨੀਕ ਨਾਲ ਲੈਸ ਕਰਨ ਲਈ ਕੀਤੀਆਂ ਜਾ ਰਹੀਆਂ ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਫੈਸਲਿਆਂ ਦਾ ਫਾਇਦਾ ਮਿਲਣਾ ਸ਼ੁਰੂ ਹੋ ਗਿਆ ਹੈ ਅਤੇ ਦੇਸ਼ ਸਵਦੇਸ਼ੀ ਪਣਡੁੱਬੀਆਂ, ਲੜਾਕੂ ਜਹਾਜ਼ਾਂ, ਹੈਲੀਕਾਪਟਰਾਂ ਅਤੇ ਹਥਿਆਰਾਂ ਦਾ ਨਿਰਮਾਣ ਕਰ ਰਿਹਾ ਹੈ।

ਇਹ ਵੀ ਪੜ੍ਹੋ : ਨੈਸ਼ਨਲ ਹਾਈਵੇ 'ਤੇ ਵਾਪਰੇ ਦਰਦਨਾਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

ਰਾਜਨਾਥ ਨੇ ਕਿਹਾ ਕਿ ਲਗਾਤਾਰ ਵਧ ਰਿਹਾ ਰੱਖਿਆ ਉਦਯੋਗ ਨਾ ਸਿਰਫ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ ਸਗੋਂ ਮਿੱਤਰ ਦੇਸ਼ਾਂ ਦੀਆਂ ਸੁਰੱਖਿਆ ਜ਼ਰੂਰਤਾਂ ਨੂੰ ਵੀ ਪੂਰਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ ’ਚ ਸਾਡਾ ਰੱਖਿਆ ਉਤਪਾਦਨ ਇਕ ਲੱਖ ਕਰੋਡ਼ ਰੁਪਏ ਨੂੰ ਪਾਰ ਕਰ ਗਿਆ ਅਤੇ ਬਰਾਮਦ 16,000 ਕਰੋਡ਼ ਰੁਪਏ ਤੱਕ ਪਹੁੰਚ ਗਈ। ਇਹ ਇਸ ਗੱਲ ਦਾ ਸਬੂਤ ਹੈ ਕਿ ਰੱਖਿਆ ਖੇਤਰ ਅਤੇ ਰਾਸ਼ਟਰ ਸਹੀ ਰਸਤੇ ’ਤੇ ਅੱਗੇ ਵਧ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News