ਆਰਿਫ਼ ਮੁਹੰਮਦ ਖਾਨ ਢਾਕਾ ਜਾਣਗੇ!
Wednesday, Apr 15, 2026 - 12:07 AM (IST)
ਨੈਸ਼ਨਲ ਡੈਸਕ- ਮੋਦੀ ਸਰਕਾਰ ਬੰਗਲਾਦੇਸ਼ ’ਚ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਇਕ ਸੀਨੀਅਰ ਸਿਆਸੀ ਨੇਤਾ ਨੂੰ ਭੇਜਣ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਸਿਆਸੀ ਸ਼ਖਸੀਅਤ ਦਾ ਨਾਂ ਇਸ ਅਹੁਦੇ ਲਈ ਵਿਚਾਰਿਆ ਜਾਵੇਗਾ। ਜਿਸ ਨਾਂ ’ਤੇ ਚਰਚਾ ਹੋ ਰਹੀ ਹੈ, ਉਹ ਆਰਿਫ਼ ਮੁਹੰਮਦ ਖਾਨ ਹਨ ਜੋ ਕੁਝ ਹਫ਼ਤੇ ਪਹਿਲਾਂ ਤੱਕ ਬਿਹਾਰ ਦੇ ਰਾਜਪਾਲ ਸਨ।
ਉਨ੍ਹਾਂ ਨੂੰ ਉਕਤ ਅਹੁਦੇ ਤੋਂ ਹਟਾਉਣ ਨਾਲ ਸਿਆਸੀ ਹਲਕਿਆਂ ’ਚ ਹੈਰਾਨੀ ਹੋਈ ਸੀ ਕਿਉਂਕਿ ਅਜਿਹਾ ਉਸ ਦਿਨ ਹੋਇਆ ਜਦੋਂ ਇਹ ਪੁਸ਼ਟੀ ਹੋਈ ਸੀ ਕਿ ਨਿਤੀਸ਼ ਕੁਮਾਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਖਾਨ ਨੂੰ ਸਭ ਤੋਂ ਪਹਿਲਾਂ ਮੋਦੀ ਵੱਲੋਂ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਹਾਲਾਂਕਿ, ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਆਰ. ਐੱਸ. ਐੱਸ. ਨੇ ਉਨ੍ਹਾਂ ਦਾ ਨਾਂ ਉਨ੍ਹਾਂ ਨੂੰ ਸੈੱਟਅੱਪ ’ਚ ਢਾਲਣ ’ਚ ਮਦਦ ਕਰਨ ਲਈ ਅੱਗੇ ਰੱਖਿਆ ਸੀ।
ਖਾਨ ਨੂੰ ਆਖਰੀ ਵਾਰ ਕੁਝ ਦਿਨ ਪਹਿਲਾਂ ਮਥੁਰਾ ’ਚ ਆਰ. ਐੱਸ. ਐੱਸ. ਦੇ ਸੀਨੀਅਰ ਅਹੁਦੇਦਾਰਾਂ ਨਾਲ ਵੇਖਿਆ ਗਿਆ ਸੀ। ਉਦੋਂ ਮੋਹਨ ਭਾਗਵਤ ਨੇ ਪਵਿੱਤਰ ਸ਼ਹਿਰ ਦਾ ਦੌਰਾ ਕੀਤਾ ਸੀ। ਇਹ ਵੀ ਚਰਚਾ ਹੈ ਕਿ ਬੰਗਾਲੀ ਬੋਲਣ ਵਾਲੇ ਕਿਸੇ ਵਿਅਕਤੀ ਦੀ ਹਾਈ ਕਮਿਸ਼ਨਰ ਵਜੋਂ ਚੋਣ ਕੀਤੀ ਜਾਵੇਗੀ। ਨਵੇਂ ਹਾਈ ਕਮਿਸ਼ਨਰ ਦੀ ਚੋਣ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਬੰਗਲਾਦੇਸ਼ ’ਚ ਸਿਆਸੀ ਤਬਦੀਲੀ ਹੋ ਚੁੱਕੀ ਹੈ। ਤਾਰਿਕ ਰਹਿਮਾਨ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਮੌਜੂਦਾ ਭਾਰਤੀ ਹਾਈ ਕਮਿਸ਼ਨਰ ਪ੍ਰਣਯ ਕੁਮਾਰ ਵਰਮਾ ਜਲਦੀ ਹੀ ਸੇਵਾਮੁਕਤ ਹੋ ਰਹੇ ਹਨ।
