ਅਪ੍ਰੈਲ ''ਚ ਹੀ ਹੋਣਗੀਆਂ ਲੋਕ ਸਭਾ ਚੋਣਾਂ

Wednesday, Aug 29, 2018 - 12:22 PM (IST)

ਅਪ੍ਰੈਲ ''ਚ ਹੀ ਹੋਣਗੀਆਂ ਲੋਕ ਸਭਾ ਚੋਣਾਂ

ਨਵੀਂ ਦਿੱਲੀ— ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਅਗਲੇ ਸਾਲ ਆਪਣੇ ਤੈਅ ਸਮੇਂ 'ਤੇ ਅਪ੍ਰੈਲ-ਮਈ ਮਹੀਨੇ 'ਚ ਹੀ ਕਰਵਾਈਆਂ ਜਾਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਪਣੀ ਪਾਰਟੀ ਦੇ ਸ਼ਾਸਨ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਸ ਲਈ ਜਨਵਰੀ ਤੱਕ ਚੁਕੰਨੇ ਰਹਿਣ ਦੇ ਹੁਕਮ ਜਾਰੀ ਕੀਤੇ। ਇਨ੍ਹਾਂ ਸਾਰਿਆਂ ਨੂੰ ਆਪਣੇ-ਆਪਣੇ ਸੂਬਿਆਂ 'ਚ ਸਾਲ 2014 ਤੋਂ ਵੀ ਵੱਡੀ ਜਿੱਤ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਹਾਸਲ ਕਰਨ ਦਾ ਸੰਕਲਪ ਦਿਵਾਇਆ ਗਿਆ ਹੈ। ਹਾਲ ਹੀ ਦੇ ਦਿਨਾਂ 'ਚ ਕਈ ਵਾਰ ਦਸੰਬਰ ਮਹੀਨੇ 'ਚ ਹੋਣ ਜਾ ਰਹੇ ਤਿੰਨ ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਨਾਲ ਹੀ ਲੋਕ ਸਭਾ ਚੋਣਾਂ ਵੀ ਕਰਵਾਈਆਂ ਜਾਣ ਦੀਆਂ ਅਫਵਾਹਾਂ ਫੈਲੀਆਂ ਸੀ ਪਰ ਮੰਗਲਵਾਰ ਨੂੰ ਬੈਠਕ 'ਚ ਮੌਜੂਦ ਪਾਰਟੀ ਸੂਤਰਾਂ ਮੁਤਾਬਕ ਮੋਦੀ ਅਤੇ ਸ਼ਾਹ ਨੇ ਸਾਰਿਆਂ ਮੁੱਖ ਮੰਤਰੀਆਂ ਤੋਂ ਇਨ੍ਹਾਂ ਅਫਵਾਹਾਂ 'ਤੇ ਧਿਆਨ ਨਾ ਦੇਣ ਨੂੰ ਕਿਹਾ ਹੈ। ਨਾਲ ਹੀ ਉਨ੍ਹਾਂ ਸਾਰਿਆਂ ਨੂੰ ਛੱਤੀਸਗੜ੍ਹ ਸਰਕਾਰ ਦੀ ਤਰਜ 'ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਵੇਪੀ ਦੇ ਨਾਂ 'ਤੇ ਆਪਣੇ-ਆਪਣੇ ਸੂਬਿਆਂ 'ਚ ਕੁਝ ਅਹਿਮ ਯੋਜਨਾਵਾਂ ਸ਼ੁਰੂ ਕਰਨ ਦਾ ਵੀ ਟੀਚਾ ਦਿੱਤਾ ਗਿਆ। 

ਮੁੱਖ ਮੰਤਰੀਆਂ ਤੋਂ ਪੁੱਛਿਆ, ਕਿੰਨੀਆਂ ਸੀਟਾਂ ਜਿੱਤਾਂਗੇ—
ਬੈਠਕ 'ਚ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਵੱਖ-ਵੱਖ ਸੂਬਿਆਂ ਦੇ ਸੀ. ਐੱਮ. ਨਾਲ ਉਨ੍ਹਾਂ ਦੇ ਸੂਬਿਆਂ ਦੀਆਂ ਚੋਣਾਂ ਸੰਬੰਧੀ ਫੀਡਬੈਕ ਮੰਗੀ। ਇਸ ਦੌਰਾਨ ਮੁੱਖ ਮੰਤਰੀਆਂ ਤੋਂ ਇਨ੍ਹਾਂ ਦੇ ਸੂਬਿਆਂ 'ਚ ਪੱਕੀ ਜਿੱਤ ਵਾਲੀਆਂ ਸੀਟਾਂ ਅਤੇ ਕਮਜ਼ੋਰ ਸੀਟਾਂ ਦੀ ਗਿਣਤੀ ਪੁੱਛੀ ਗਈ। ਨਾਲ ਹੀ ਮੁੱਖ ਮੰਤਰੀਆਂ ਤੋਂ ਕਮਜ਼ੋਰ ਸੀਟਾਂ 'ਤੇ ਰਣਨੀਤੀ ਅਤੇ ਵਰਤਮਾਨ ਸਿਆਸੀ ਸਥਿਤੀ ਦੀ ਵੀ ਜਾਣਕਾਰੀ ਲਈ ਗਈ।

ਝਾਰਖੰਡ, ਹਰਿਆਣਾ ਦੀਆਂ ਚੋਣਾਂ ਵੀ ਲੋਕ ਸਭਾ ਨਾਲ ਹੀ ਕਰਵਾਉਣ ਦੀ ਰਾਏ—
ਪਾਰਟੀ ਸੂਤਰਾਂ ਨੇ ਦੱਸਿਆ ਕਿ ਸਾਰੇ ਮੁੱਖ ਮੰਤਰੀਆਂ ਤੋਂ ਲੋਕ ਸਭਾ ਚੋਣਾਂ ਨਾਲ ਹੀ ਝਾਰਖੰਡ, ਹਰਿਆਣਾ ਅਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਵੀ ਕਰਵਾ ਲੈਣ ਦੇ ਵਿਕਲਪ 'ਤੇ ਰਾਏ ਮੰਗੀ ਗਈ। ਇਨ੍ਹਾਂ ਤਿੰਨਾਂ ਸੂਬਿਆਂ ਦੀ ਵਿਧਾਨ ਸਭਾ ਦਾ ਕਾਰਜਕਾਲ 2019 ਦੇ ਅੰਤ 'ਚ ਖਤਮ ਹੋ ਰਿਹਾ ਹੈ। ਪਾਰਟੀ ਦੇ ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲੋਕ ਸਭਾ ਨਾਲ ਹੀ ਕਰਵਾਉਣ 'ਤੇ ਪਾਰਟੀ ਨੂੰ ਪੀ. ਐੱਮ. ਮੋਦੀ ਦੇ ਚਿੱਤਰ ਦਾ ਲਾਭ ਮਿਲ ਸਕਦਾ ਹੈ। ਇਨ੍ਹਾਂ ਸੂਬਿਆਂ 'ਚ ਭਾਜਪਾ ਲਈ ਚਿੰਤਾ ਦੀ ਸਥਿਤੀ ਹੈ। ਹਰਿਆਣਾ ਦੀ ਜ਼ਿਆਦਾਤਰ ਰਿਪੋਰਟ ਠੀਕ ਨਹੀਂ ਆ ਰਹੀ ਹੈ।

ਭਾਜਪਾ-ਜਦ (ਯੂ) 'ਚ ਸੀਟਾਂ 'ਤੇ ਸਹਿਮਤੀ—
ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਅਤੇ ਜਦ (ਯੂ) ਵਿਚਕਾਰ ਸੀਟ ਦੀ ਵੰਡ 'ਤੇ ਸਹਿਮਤੀ ਬਣ ਗਈ ਹੈ। ਉਮੀਦ ਹੈ ਕਿ 16 ਸਤੰਬਰ ਤੱਕ ਸੀਟਾਂ ਦੀ ਵੰਡ ਨੂੰ ਲੈ ਕੇ ਐਲਾਨ ਕਰ ਦਿੱਤਾ ਜਾਵੇਗਾ। ਜਦੂ (ਯੂ) ਦੇ ਪ੍ਰਦੇਸ਼ ਪ੍ਰਧਾਨ ਸੀਨੀਅਰ ਨਾਰਾਇਣ ਸਿੰਘ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਮਿਤ ਸ਼ਾਹ ਅਤੇ ਨਿਤਿਸ਼ ਕੁਮਾਰ ਵਿਚਕਾਰ ਪਿਛਲੇ ਸਾਲ ਹੋਈ ਗੱਲਬਾਤ 'ਚ ਕਾਫੀ ਹੱਦ ਤੱਕ ਸਹਿਮਤੀ ਬਣ ਚੁੱਕੀ ਹੈ।


Related News