EPFO ਦਾ ਲੱਖਾਂ ਕਰਮਚਾਰੀਆਂ ਨੂੰ ਤੋਹਫਾ, EPS 'ਚੋਂ ਇਕਮੁਸ਼ਤ ਪੈਸਾ ਕਢਵਾਉਣ ਨੂੰ ਮਿਲੀ ਮਨਜ਼ੂਰੀ
Friday, Aug 23, 2019 - 11:18 AM (IST)

ਨਵੀਂ ਦਿੱਲੀ — ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ 6.3 ਲੱਖ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸੰਗਠਨ ਨੇ ਕਰਮਚਾਰੀ ਪੈਨਸ਼ਨ ਯੋਜਨਾ(EPS) ਦੇ ਤਹਿਤ ਪੈਨਸ਼ਨ ਦੀ ਰਾਸ਼ੀ ਵਿਚੋਂ ਕੁਝ ਹਿੱਸਾ ਇਕਮੁਸ਼ਤ ਲੈਣ ਦੀ ਵਿਵਸਥਾ(Commutation) ਫਿਰ ਤੋਂ ਬਹਾਲ ਕਰਨ ਦੇ ਪ੍ਰਸਤਾਵ ਨੂੰ ਫਿਰ ਤੋਂ ਮਨਜ਼ੂਰੀ ਦੇ ਦਿੱਤੀ ਹੈ। ਇਸ ਕਦਮ ਨਾਲ ਉਨ੍ਹਾਂ ਪੈਨਸ਼ਨਰਾਂ ਨੂੰ ਲਾਭ ਹੋਵੇਗਾ ਜਿਨ੍ਹਾਂ ਨੇ ਕਮਿਊਟੇਸ਼ਨ ਵਿਵਸਥਾ ਦਾ ਵਿਕਲਪ ਚੁਣਿਆ ਸੀ ਅਤੇ 2009 ਤੋਂ ਪਹਿਲਾਂ ਰਿਟਾਇਰਮੈਂਟ 'ਤੇ ਇਕਮੁਸ਼ਤ ਰਾਸ਼ੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਈ.ਪੀ.ਐਫ.ਓ. ਨੇ 2009 ਵਿਚ ਇਸ ਵਿਵਸਥਾ ਨੂੰ ਵਾਪਸ ਲੈ ਲਿਆ ਸੀ।
ਕੀ ਹੈ ਕਮਿਊਟੇਸ਼ਨ(Commutation)?
ਕਮਿਊਟੇਸ਼ਨ(Commutation) ਵਿਵਸਥਾ ਦੇ ਤਹਿਤ ਆਮ ਤੌਰ 'ਤੇ ਮਹੀਨਾਵਾਰ ਪੈਨਸ਼ਨ 'ਚ ਅਗਲੇ 15 ਸਾਲ ਦੀ ਇਕ ਤਿਹਾਈ ਰਾਸ਼ੀ ਦੀ ਕਟੌਤੀ ਕੀਤੀ ਜਾਂਦੀ ਹੈ ਅਤੇ ਇਹ ਰਾਸ਼ੀ ਪੈਨਸ਼ਨਰ ਨੂੰ ਇਕਮੁਸ਼ਤ ਦੇ ਦਿੱਤੀ ਜਾਂਦੀ ਹੈ। ਉਸਦੇ 15 ਸਾਲ ਬਾਅਦ ਪੈਨਸ਼ਨਰ ਪੂਰੀ ਪੈਨਸ਼ਨ ਲੈਣ ਦਾ ਹੱਕਦਾਰ ਹੋ ਜਾਂਦਾ ਹੈ।
6.3 ਲੱਖ ਪੈਨਸ਼ਨ ਲੈਣ ਵਾਲਿਆਂ ਨੂੰ ਹੋਵੇਗਾ ਲਾਭ
EPFO ਦੇ ਬਿਆਨ ਅਨੁਸਾਰ, ਇਕ ਵੱਡੇ ਫੈਸਲੇ ਵਿਚ EPFO ਦਾ ਫੈਸਲਾ ਲੈਣ ਵਾਲੇ ਸਿਖਰ ਸੰਗਠਨ ਕੇਂਦਰੀ ਟਰੱਸਟੀ ਬੋਰਡ(CBT) ਨੇ 21 ਅਗਸਤ 2019 ਨੂੰ ਹੈਦਰਾਬਾਦ 'ਚ ਹੋਈ ਬੈਠਕ 'ਚ ਕਮਿਊਟੇਸ਼ਨ(Commutation) ਦੇ ਤਹਿਤ ਇਕਮੁਸ਼ਤ ਰਾਸ਼ੀ ਲੈਣ ਦੇ 15 ਸਾਲ ਬਾਅਦ ਪੈਨਸ਼ਨਰ ਦੀ ਪੂਰੀ ਪੈਨਸ਼ਨ ਬਹਾਲ ਕਰਨ ਲਈ EPS-95 'ਚ ਸੋਧ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਇਸ ਫੈਸਲੇ ਨਾਲ 6.3 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ।
ਭਾਰਤੀ ਮਜ਼ਦੂਰ ਸੰਘ ਦੇ ਜਨਰਲ ਸਕੱਤਰ ਬ੍ਰਿਜੇਸ਼ ਉਪਾਧਿਆਏ ਨੇ ਕਿਹਾ ਕਿ ਪੈਨਸ਼ਨ ਦੇ 'Commutation' ਨੂੰ ਬਹਾਲ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ EPS-95 ਦੇ ਤਹਿਤ ਮੈਂਬਰ 10 ਸਾਲ ਲਈ ਇਕ ਤਿਹਾਈ ਪੈਨਸ਼ਨ ਦੇ ਬਦਲੇ ਇਕਮੁਸ਼ਤ ਰਾਸ਼ੀ ਲੈ ਸਕਦੇ ਸਨ। ਪੂਰੀ ਪੈਨਸ਼ਨ 15 ਸਾਲ ਬਾਅਦ ਬਹਾਲ ਹੋ ਜਾਂਦੀ ਸੀ। ਇਹ ਵਿਵਸਥਾ ਸਰਕਾਰੀ ਕਰਮਚਾਰੀਆਂ ਲਈ ਉਪਲੱਬਧ ਹੈ।
ਇਹ ਹੋਏ ਫੈਸਲੇ
IL&FLS ਲਿਮਟਿਡ ਦੇ ਵਿਆਜ ਦੀ ਅਦਾਇਗੀ ਵਿਚ ਡਿਫਾਲਟ ਹੋਣ ਦੀ ਸਥਿਤੀ ਵਿਚ, ਸੀਬੀਟੀ ਨੇ ਈ.ਬੀ.ਐਫ.ਓ. ਦੀ ਨਿਵੇਸ਼ ਇਕਾਈ ਦੇ ਤਿੰਨ ਅਧਿਕਾਰੀਆਂ ਨੂੰ ਡੀਬੈਂਚਰ ਧਾਰਕਾਂ ਦੀ ਬੈਠਕ ਵਿਚ ਸ਼ਾਮਲ ਹੋਣ ਲਈ ਨਾਮਜ਼ਦ ਕੀਤਾ ਹੈ। ਇਸ ਬੈਠਕ ਦੀ ਤਰੀਕ ਅਜੇ ਤੈਅ ਨਹੀਂ ਹੈ ਅਤੇ ਇਹ ਅਧਿਕਾਰੀ ਲੋੜ ਪੈਣ ਤੇ ਵੋਟ ਪਾਉਣਗੇ। ਇਸ ਤੋਂ ਇਲਾਵਾ ਟਰੱਸਟੀਆਂ ਨੇ ਐਕਸਚੇਂਜ ਟ੍ਰੇਡਿਡ ਫੰਡ(ਈ.ਟੀ.ਐਫ.) ਦੇ ਪ੍ਰਬੰਧਕਾਂ ਨੂੰ 31 ਅਕਤੂਬਰ 2019 ਤੱਕ ਜਨਤਕ ਬੋਲੀ ਦੇ ਜ਼ਰੀਏ ਚੋਣ ਫੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਦੇ ਨਾਲ ਹੀ ਉਸ ਸਮੇਂ ਤੱਕ ਲਈ ਮੌਜੂਦਾ ਪ੍ਰਬੰਧਕਾਂ(SBI ਮਿਊਚੁਅਲ ਫੰਡ ਅਤੇ UTI ਮਿਊਚੁਅਲ ਫੰਡ) ਦੀ ਮਿਆਦ ਵਧਾ ਦਿੱਤੀ।