ਸੇਬ ਕਿਸਾਨਾਂ ਦਾ ਪ੍ਰਦਰਸ਼ਨ, ਸ਼ਿਮਲਾ ’ਚ ਅਗਸਤ ਮਹੀਨੇ ਵੱਡੇ ਪੱਧਰ ’ਤੇ ਅੰਦੋਲਨ ਦੀ ਚਿਤਾਵਨੀ
Thursday, Jul 21, 2022 - 03:17 PM (IST)
ਸ਼ਿਮਲਾ- ਸੰਯੁਕਤ ਕਿਸਾਨ ਮੰਚ ਦੇ ਬੈਨਰ ਹੇਠ ਸੈਂਕੜੇ ਕਿਸਾਨਾਂ ਨੇ ਸੇਬ ਉਤਪਾਦਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਨਾਕਾਮ ਰਹਿਣ ’ਤੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਜਿਸ ਨਾਲ 5500 ਕਰੋੜ ਰੁਪਏ ਦੀ ਸੇਬ ਦੀ ਅਰਥਵਿਵਸਥਾ ਨੂੰ ਖਤਰਾ ਪੈਦਾ ਹੋ ਗਿਆ। ਸੂਬਾ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ’ਚ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ, ਠਿਯੋਗ, ਕੋਟਖਾਈ, ਨਾਰਕੰਡਾ, ਰਾਮਪੁਰ ’ਚ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ’ਚ ਸੰਯੁਕਤ ਕਿਸਾਨ ਮੰਚ ਨੇ ਫ਼ੈਸਲਾ ਲਿਆ ਹੈ ਕਿ ਸਰਕਾਰ ਦੀਆਂ ‘ਕਿਸਾਨ ਵਿਰੋਧੀ ਨੀਤੀਆਂ’ ਖ਼ਿਲਾਫ਼ 5 ਅਗਸਤ ਨੂੰ ਸ਼ਿਮਲਾ ’ਚ ਸੂਬਾ ਸਕੱਤਰੇਤ ਦੇ ਬਾਹਰ ਵੱਡੇ ਪੱਧਰ ’ਤੇ ਅੰਦੋਲਨ ਕੀਤਾ ਜਾਵੇਗਾ।
ਨਾਰਾਜ਼ ਸੇਬ ਉਤਪਾਦਕ ਸੱਤਾਧਾਰੀ ਪਾਰਟੀ ਨੂੰ ਪ੍ਰਿਯ ਸਾਬਤ ਹੋ ਸਕਦੇ ਹਨ ਕਿਉਂਕਿ ਅਗਲੇ 4 ਮਹੀਨਿਆਂ ’ਚ ਸੂਬੇ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸੰਯੁਕਤ ਕਿਸਾਨ ਮੰਚ ਦੇ ਕਨਵੀਨਰ ਹਰੀਸ਼ ਚੌਹਾਨ ਨੇ ਕਿਹਾ ਕਿ ਸੂਬਾ ਸਰਕਾਰ ਗਲਤ ਨੀਤੀਆਂ ਕਾਰਨ ਕਿਸਾਨਾਂ ਅਤੇ ਸੇਬ ਉਤਪਾਦਕਾਂ 'ਤੇ ਟੈਕਸ ਲਗਾ ਕੇ ਉਤਪਾਦਨ ਦੀ ਲਾਗਤ ਵਧਾ ਰਹੀ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਪੈਦਾਵਾਰ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਸਾਲਾਂ ਤੋਂ ਕਿਸਾਨਾਂ ਅਤੇ ਸੇਬ ਉਤਪਾਦਕਾਂ ਦੀਆਂ ਮੰਗਾਂ ਸਬੰਧੀ ਸਰਕਾਰ ਨੂੰ ਵਾਰ-ਵਾਰ ਮੰਗ ਪੱਤਰ ਦੇ ਰਹੀ ਹੈ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ।
ਚੌਹਾਨ ਨੇ ਕਿਹਾ ਕਿ ਸਾਡੀਆਂ ਮੁੱਖ ਮੁੱਖ ਮੰਗਾਂ ਵਿਚ ਡੱਬਿਆਂ ’ਤੇ ਵਧਿਆ ਹੋਇਆ ਜੀ. ਐੱਸ. ਟੀ. ਤੁਰੰਤ ਵਾਪਸ ਲੈਣਾ ਸ਼ਾਮਲ ਹੈ, ਜਿਸ ਨੂੰ 12 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ। ਖਾਦਾਂ, ਉੱਲੀਨਾਸ਼ਕਾਂ, ਕੀਟਨਾਸ਼ਕਾਂ, ਡੱਬਿਆਂ, ਟਰੇਆਂ ਅਤੇ ਹੋਰ ਲਾਗਤ ਵਾਲੀਆਂ ਵਸਤਾਂ 'ਤੇ ਸਬਸਿਡੀ ਦਿੱਤੀ ਜਾਵੇ। ਅਸੀਂ ਕਸ਼ਮੀਰ ਦੀ ਤਰਜ਼ 'ਤੇ ਮਾਰਕੀਟ ਦਖਲ ਯੋਜਨਾ (ਐਮ. ਆਈ. ਐਸ) ਨੂੰ ਲਾਗੂ ਕਰਨ ਦੀ ਵੀ ਮੰਗ ਕਰ ਰਹੇ ਹਾਂ। ਧਰਨੇ ਦੌਰਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਸਰਕਾਰ ਨੇ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਇਸ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ।