ਐਪ ਦੀ ਮਦਦ ਨਾਲ ਰਸਤਾ ਭਟਕੇ ਦੋਸਤ, ਦਲਦਲ ''ਚ ਜਾ ਫਸੀ ਕਾਰ

Monday, Apr 07, 2025 - 04:49 PM (IST)

ਐਪ ਦੀ ਮਦਦ ਨਾਲ ਰਸਤਾ ਭਟਕੇ ਦੋਸਤ, ਦਲਦਲ ''ਚ ਜਾ ਫਸੀ ਕਾਰ

ਕੇਰਲ- ਉੱਤਰੀ ਕੇਰਲ ਦੇ ਨੀਲਾਂਬੂਰ 'ਚ ਐਤਵਾਰ ਨੂੰ ਅਜਿਹੀ ਘਟਨਾ ਵਾਪਰੀ, ਜਿਸ 'ਚ ਨੈਵੀਗੇਸ਼ਨ ਐਪ ਦੀ ਮਦਦ ਨਾਲ ਸਫਰ ਕਰ ਰਹੇ ਲੋਕਾਂ ਦੀ ਕਾਰ ਅੱਧੀ ਰਾਤ ਨੂੰ ਸੰਘਣੇ ਜੰਗਲ 'ਚ ਉਸ ਸਮੇਂ ਫਸ ਗਈ, ਜਦੋਂ ਤੇਜ਼ ਮੀਂਹ ਪੈ ਰਿਹਾ ਸੀ। ਦਰਅਸਲ ਕੁਝ ਦੋਸਤ ਇਕ ਮਸ਼ਹੂਰ ਨੇਵੀਗੇਸ਼ਨ ਐਪ ਦੀ ਮਦਦ ਨਾਲ ਜੰਗਲ ਦੇ ਰਸਤਿਓਂ ਲੰਘ ਰਹੇ ਸਨ ਅਤੇ ਭਾਰੀ ਮੀਂਹ ਵਿਚਾਲੇ ਜੰਗਲ 'ਚ ਫਸ ਗਏ। ਆਖਰਕਾਰ ਉਨ੍ਹਾਂ ਨੂੰ ਫਾਇਰ ਵਿਭਾਗ ਅਤੇ ਬਚਾਅ ਸੇਵਾ ਦੇ ਕਰਮੀਆਂ ਨੇ ਬਚਾਅ ਲਿਆ। ਇਹ ਪੰਜ ਵਿਅਕਤੀ, ਗੁਆਂਢੀ ਵਾਇਨਾਡ ਜ਼ਿਲ੍ਹੇ ਦੇ ਕਲਪੇਟਾ ਦੇ ਰਹਿਣ ਵਾਲੇ ਹਨ, ਜੋ ਕਿ ਇਕ ਸਮਾਗਮ ਵਿਚ ਸ਼ਾਮਲ ਹੋਣ ਲਈ ਨੀਲਾਂਬੂਰ ਜਾ ਰਹੇ ਸਨ।

ਅਧਿਕਾਰੀਆਂ ਮੁਤਾਬਕ ਜੰਗਲੀ ਰਸਤੇ ਤੋਂ ਅਣਜਾਣ ਉਨ੍ਹਾਂ ਲੋਕਾਂ ਨੇ ਇਕ ਨੇਵੀਗੇਸ਼ਨ ਐਪ ਦੀ ਵਰਤੋਂ ਕੀਤੀ। ਇਕ ਅਧਿਕਾਰੀ ਨੇ ਕਿਹਾ ਕਿ ਅਸਲ ਵਿਚ ਉਹ ਆਪਣਾ ਰਾਹ ਭੁੱਲ ਗਏ ਸਨ। ਜੰਗਲ ਵਿਚ ਇਕ ਰਸਤਾ ਹੈ ਜੋ ਨੀਲਾਂਬੂਰ 'ਚ ਉਨ੍ਹਾਂ ਦੀ ਮੰਜ਼ਿਲ ਵੱਲ ਜਾਂਦਾ ਹੈ। ਹਾਲਾਂਕਿ ਜਦੋਂ ਉਹ ਰਾਤ ਨੂੰ ਜੰਗਲ ਵਿਚ ਦਾਖਲ ਹੋਏ, ਤਾਂ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਅਤੇ ਉਨ੍ਹਾਂ ਦੀ ਕਾਰ ਦਲਦਲ ਵਾਲੇ ਰਸਤੇ ਵਿਚ ਫਸ ਗਈ। ਅਧਿਕਾਰੀਆਂ ਨੇ ਕਿਹਾ ਕਿ ਇਸ ਇਲਾਕੇ ਵਿਚ ਜੰਗਲੀ ਹਾਥੀਆਂ, ਸੂਰਾਂ ਅਤੇ ਹੋਰ ਜਾਨਵਰਾਂ ਦਾ ਖ਼ਤਰਾ ਹੈ।

ਪ੍ਰੇਸ਼ਾਨ ਰਾਹਗੀਰਾਂ ਨੇ ਕਿਸੇ ਤਰ੍ਹਾਂ ਸਥਾਨਕ ਫਾਇਰ ਸਟੇਸ਼ਨ ਨਾਲ ਸੰਪਰਕ ਕੀਤਾ, ਜਿੱਥੋਂ ਤੁਰੰਤ ਕੁਝ ਜਵਾਨ ਮੌਕੇ 'ਤੇ ਪਹੁੰਚ ਗਏ। ਅਧਿਕਾਰੀ ਨੇ ਕਿਹਾ ਕਿ ਕਾਰ ਇਕ ਟੋਏ 'ਚ ਫਸ ਗਈ ਅਤੇ ਖਰਾਬ ਹੋ ਗਈ। ਇਸ ਲਈ ਸਾਨੂੰ ਇਸ ਨੂੰ ਰੱਸੀ ਨਾਲ ਬੰਨ੍ਹ ਕੇ ਖਿੱਚਣਾ ਪਿਆ। ਉਨ੍ਹਾਂ ਕਿਹਾ ਕਿ ਬਾਅਦ 'ਚ ਇਹ ਲੋਕ ਆਪਣੀ ਮੰਜ਼ਿਲ ਵੱਲ ਚਲੇ ਗਏ।


author

Tanu

Content Editor

Related News