''ਆਪ੍ਰੇਸ਼ਨ ਸਿੰਧੂਰ ਦੌਰਾਨ ਹਵਾਈ ਫੌਜ ਨੇ ਪਾਕਿ ’ਚ ਸਟੀਕ ਹਮਲਿਆਂ ਨਾਲ ਤਬਾਹ ਕੀਤੇ ਅੱਤਵਾਦੀ ਟਿਕਾਣੇ'' ; AP ਸਿੰਘ
Thursday, Jan 22, 2026 - 10:00 AM (IST)
ਨਵੀਂ ਦਿੱਲੀ- ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਨੇ ਹਥਿਆਰਬੰਦ ਬਲਾਂ ਨੂੰ ਅਤੀਤ ਦੀਆਂ ਪ੍ਰਾਪਤੀਆਂ ’ਚ ਉਲਝੇ ਰਹਿਣ ਦੀ ਬਜਾਏ ਭਵਿੱਖ ਵੱਲ ਦੇਖਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਹਵਾਈ ਫੌਜ ਦੀ ਸ਼ਕਤੀ ਨੇ ਜੰਗ ਦੇ ਮੈਦਾਨ ਵਿਚ ਵਾਰ-ਵਾਰ ਆਪਣੀ ਉਪਯੋਗਤਾ ਸਾਬਤ ਕੀਤੀ ਹੈ ਅਤੇ ਆਉਣ ਵਾਲੇ ਸਾਲਾਂ ਵਿਚ ਇਹ ਭਾਰਤ ਦੀ ਫੌਜੀ ਸ਼ਕਤੀ ਦਾ ਕੇਂਦਰੀ ਅਧਾਰ ਬਣੀ ਰਹੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਭਾਰਤ ਨੇ ਇਕ ਪ੍ਰਭਾਵਸ਼ਾਲੀ ਸ਼ਕਤੀ ਬਣੇ ਰਹਿਣਾ ਹੈ, ਤਾਂ ਭਵਿੱਖ ਦੀਆਂ ਚੁਣੌਤੀਆਂ ਦੀ ਤਿਆਰੀ ਵੱਲ ਵੱਧ ਧਿਆਨ ਦੇਣਾ ਹੋਵੇਗਾ।
ਹਵਾਈ ਫੌਜ ਮੁਖੀ ਨੇ ਬੁੱਧਵਾਰ ਨੂੰ ਇੱਥੇ ‘ਸੈਂਟਰ ਫਾਰ ਏਰੋਸਪੇਸ ਪਾਵਰ ਐਂਡ ਸਟ੍ਰੈਟੇਜਿਕ ਸਟੱਡੀਜ਼’ ਵੱਲੋਂ ਕਰਵਾਏ 22ਵੇਂ ਸੁਬ੍ਰੋਤੋ ਮੁਖਰਜੀ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਦੇਸ਼ ਦੇ ਆਧੁਨਿਕ ਜੰਗ, ਖਾਸ ਕਰ ਕੇ ਅੱਤਵਾਦ ਵਿਰੋਧੀ ਮੁਹਿੰਮਾਂ ਵਿਚ ਭਾਰਤੀ ਹਵਾਈ ਫੌਜ ਦੀ ਭੂਮਿਕਾ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਦੇ ਦੌਰਾਨ ਹਵਾਈ ਫੌਜ ਨੇ ਪਾਕਿਸਤਾਨ ਦੇ ਅੰਦਰ ਕਾਫੀ ਅੰਦਰ ਸਥਿਤ ਅੱਤਵਾਦੀ ਟਿਕਾਣਿਆਂ ਅਤੇ ਨਿਸ਼ਾਨਿਆਂ ਨੂੰ ਨਸ਼ਟ ਕਰਨ ਲਈ ਕਈ ਸਟੀਕ ਹਮਲੇ ਕੀਤੇ।
ਰਾਸ਼ਟਰੀ ਸੁਰੱਖਿਆ ਦੀ ਬਦਲਦੀ ਕਿਸਮ ਬਾਰੇ ਗੱਲ ਕਰਦੇ ਹੋਏ ਹਵਾਈ ਫੌਜ ਮੁਖੀ ਨੇ ਵੈਨੇਜ਼ੁਏਲਾ ਅਤੇ ਇਰਾਕ ਦੀਆਂ ਮਿਸਾਲਾਂ ਦਿੱਤੀਆਂ ਅਤੇ ਕਿਹਾ ਕਿ ਸਿਰਫ਼ ਆਰਥਿਕ ਸ਼ਕਤੀ ਨਾਲ ਸੁਰੱਖਿਆ ਯਕੀਨੀ ਨਹੀਂ ਹੁੰਦੀ। ਉਨ੍ਹਾਂ ਕਿਹਾ, ‘‘ਸਾਨੂੰ ਇਹ ਸਮਝਣਾ ਹੋਵੇਗਾ ਕਿ ਫੌਜੀ ਸ਼ਕਤੀ ਹੀ ਫੈਸਲਾਕੁੰਨ ਹੁੰਦੀ ਹੈ।’’
ਇਹ ਵੀ ਪੜ੍ਹੋ- ''ਗ੍ਰੀਨਲੈਂਡ ਦੇ ਦਿੱਤਾ ਤਾਂ ਤਾਰੀਫ਼ ਕਰਾਂਗੇ, ਨਹੀਂ ਤਾਂ ਯਾਦ ਰੱਖਾਂਗੇ..!'', ਟਰੰਪ ਨੇ ਯੂਰਪ ਨੂੰ ਇਕ ਵਾਰ ਫ਼ਿਰ ਦਿੱਤੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
