ਅਨੁਰਾਗ ਠਾਕੁਰ ਦਾ ਕੇਜਰੀਵਾਲ ਨੂੰ ਵੱਡਾ ਸਵਾਲ- ਕੀ ਦਿੱਲੀ 'ਚ ਪੁਜਾਰੀਆਂ, ਪਾਦਰੀਆਂ ਨੂੰ ਵੀ ਦਿਓਗੇ 18 ਹਜ਼ਾਰ ਰੁਪਏ

Saturday, Oct 29, 2022 - 05:15 PM (IST)

ਸ਼ਿਮਲਾ (ਭਾਸ਼ਾ)- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੂੰ 'ਅਰਾਜਕਤਾ ਦਾ ਪ੍ਰਤੀਕ' ਦੱਸਿਆ। ਸੂਚਨਾ ਅਤੇ ਪ੍ਰਸਾਰਨ ਮੰਤਰੀ ਠਾਕੁਰ ਕੇਜਰੀਵਾਲ ਦੀ ਅਪੀਲ ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਇਕ ਸਵਾਲ ਦਾ ਜਵਾਬ ਦੇ ਰਹੇ ਸਨ, ਜਿਸ 'ਚ ਉਨ੍ਹਾਂ ਨੇ ਨੋਟਾਂ 'ਤੇ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਸੀ। ਠਾਕੁਰ ਨੇ ਕਿਹਾ,''ਅਰਵਿੰਦ ਕੇਜਰੀਵਾਲ ਜੋ ਰਾਮ ਮੰਦਰ ਦੇ ਨਿਰਮਾਣ ਦਾ ਵਿਰੋਧ ਕਰਦੇ ਸਨ, ਅਰਾਜਕਤਾ ਦਾ ਪ੍ਰਤੀਕ ਹਨ। ਉਹ ਫਰਜ਼ੀ ਗੱਲ ਕਰਦੇ ਹਨ। ਉਹ ਲੋਕਾਂ ਦਾ ਧਿਆਨ ਆਪਣੀਆਂ ਫਰਜ਼ੀ ਗੱਲਾਂ ਤੋਂ ਹਟਾਉਣ ਲਈ ਇਸ ਤਰ੍ਹਾਂ ਦਾ ਹਥਕੰਡਾ ਅਪਣਾ ਰਹੇ ਹਨ।'' ਅਨੁਰਾਗ ਠਾਕੁਰ ਨੇ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਕੇਜਰੀਵਾਲ ਨੂੰ ਪੁੱਛਿਆ ਕਿ ਕੀ ਉਨ੍ਹਾਂ ਦੀ ਸਰਕਾਰ ਦਿੱਲੀ 'ਚ ਮੌਲਵੀਆਂ ਦੀ ਤਰਜ 'ਤੇ ਮੰਦਰ ਦੇ ਪੁਜਾਰੀਆਂ, ਗੁਰਦੁਆਰਿਆਂ ਦੇ ਗ੍ਰੰਥੀਆਂ ਅਤੇ ਚਰਚ ਦੇ ਪਾਦਰੀਆਂ ਨੂੰ 18 ਹਜ਼ਾਰ ਰੁਪਏ ਦੇਵੇਗੀ।

ਇਹ ਵੀ ਪੜ੍ਹੋ : ਇਕ ਮਹੀਨੇ 'ਚ ਤੀਜੀ ਘਟਨਾ, ਵੰਦੇ ਭਾਰਤ ਐਕਸਪ੍ਰੈੱਸ ਟਰੇਨ ਗੁਜਰਾਤ 'ਚ ਗਾਂ ਨਾਲ ਟਕਰਾਈ

ਹਿਮਾਚਲ ਪ੍ਰਦੇਸ਼ 'ਚ ਜੈਰਾਮ ਠਾਕੁਰ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਖ਼ਿਲਾਫ਼ ਕਾਂਗਰਸ ਦੇ 'ਦੋਸ਼ ਪੱਤਰ' ਬਾਰੇ ਠਾਕੁਰ ਨੇ ਕਿਹਾ,''ਜਿਨ੍ਹਾਂ ਦਾ ਰਾਸ਼ਟਰੀ ਲੀਡਰਸ਼ਿਪ ਜ਼ਮਾਨਤ 'ਤੇ ਹੈ, ਉਨ੍ਹਾਂ ਨੂੰ ਦੂਜਿਆਂ ਖ਼ਿਲਾਫ਼ 'ਦੋਸ਼ ਪੱਤਰ' ਜਾਰੀ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।'' ਉਨ੍ਹਾਂ ਅੱਗੇ ਕਿਹਾ ਕਿ ਡਬਲ ਇੰਜਣ ਸਰਕਾਰ ਨੇ ਹਿਮਾਚਲ ਪ੍ਰਦੇਸ਼ ਦੇ ਸਰਬਪੱਖੀ ਵਿਕਾਸ ਲਈ ਸਾਰੇ ਜ਼ਰੂਰੀ ਕਦਮ ਉਠਾਏ ਹਨ ਅਤੇ ਵਿਕਾਸ ਦੀ ਗਤੀ ਨੂੰ ਅੱਗੇ ਵਧਾਉਣ ਲਈ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾ ਮੁੜ ਤੋਂ ਸੱਤਾ 'ਚ ਆਉਣਾ ਜ਼ਰੂਰੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਡਬਲ ਇੰਜਣ ਸਰਕਾਰ ਦੀ ਤਾਕਤ ਹਰ ਖੇਤਰ 'ਚ ਦਿੱਸ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News