ਆਂਧਰਾ ਪ੍ਰਦੇਸ਼ ''ਚ ਸੈਨੇਟਾਈਜ਼ਰ ਪੀਣ ਨਾਲ 9 ਲੋਕਾਂ ਦੀ ਹੋਈ ਮੌਤ

07/31/2020 4:15:42 PM

ਅਮਰਾਵਤੀ- ਆਂਧਰਾ ਪ੍ਰਦੇਸ਼ ਦੇ ਪ੍ਰਕਾਸਮ ਜ਼ਿਲ੍ਹੇ 'ਚ ਸੈਨੇਟਾਈਜ਼ਰ ਪੀਣ ਨਾਲ 9 ਲੋਕਾਂ ਦੀ ਮੌਤ ਹੋ ਗਈ। ਕੁਰੀਚੇਂਦੂ ਮੰਡਲ ਹੈੱਡ ਕੁਆਰਟਰ ਦੌਰੇ 'ਤੇ ਗਏ ਪ੍ਰਕਾਸਮ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਸਿਧਾਰਥ ਕੌਸ਼ਲ ਨੇ ਦੱਸਿਆ ਕਿ ਇਹ ਲੋਕ ਬੀਤੇ ਕੁਝ ਦਿਨਾਂ ਤੋਂ ਸੈਨੇਟਾਈਜ਼ਰ ਨੂੰ ਪਾਣੀ ਅਤੇ ਸਾਫ਼ਟ ਡਰਿੰਕ 'ਚ ਮਿਲਾ ਕੇ ਪੀ ਰਹੇ ਸਨ। ਉਨ੍ਹਾਂ ਨੇ ਕਿਹਾ,''ਅਸੀਂ ਇਹ ਜਾਂਚ ਕਰ ਰਹੇ ਹਾਂ ਕਿ ਕੀ ਉਹ ਸੈਨੇਟਾਈਜ਼ਰ ਦਾ ਸੇਵਨ ਹੋਰ ਨਸ਼ੀਲੇ ਪਦਾਰਥਾਂ ਨਾਲ ਮਿਲਾ ਕੇ ਵੀ ਕਰ ਰਹੇ ਸਨ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਲੋਕ ਬੀਤੇ 10 ਦਿਨਾਂ ਤੋਂ ਸੈਨੇਟਾਈਜ਼ਰ ਪੀ ਰਹੇ ਸਨ। ਇਲਾਕੇ 'ਚ ਵਿਕਣ ਵਾਲੇ ਸੈਨੇਟਾਈਜ਼ਰ ਨੂੰ ਜਾਂਚ ਲਈ ਭੇਜਿਆ ਗਿਆ ਹੈ।''

ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਕੁਰੀਚੇਂਦੂ 'ਚ ਤਾਲਾਬੰਦੀ ਹੈ, ਅਜਿਹੇ 'ਚ ਇੱਥੇ ਬੀਤੇ ਕੁਝ ਦਿਨਾਂ ਤੋਂ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਚੱਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੇ ਆਦੀ ਸੈਨੇਟਾਈਜ਼ਰ ਪੀ ਰਹੇ ਹਨ, ਕਿਉਂਕਿ ਉਸ 'ਚ ਕੁਝ ਮਾਤਰਾ 'ਚ ਅਲਕੋਹਲ ਵੀ ਹੁੰਦਾ ਹੈ। ਵੀਰਵਾਰ ਨੂੰ ਸੈਨੇਟਾਈਜ਼ਰ ਪੀਣ ਨਾਲ 2 ਭਿਖਾਰੀਆਂ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਸੀ। ਪੁਲਸ ਨੇ ਦੱਸਿਆ ਕਿ 6 ਹੋਰ ਦੀ ਸ਼ੁੱਕਰਵਾਰ ਸਵੇਰੇ ਮੌਤ ਹੋਈ। ਸੈਨੇਟਾਈਜ਼ਰ ਪੀਣ ਵਾਲੇ ਕੁਝ ਹੋਰ ਲੋਕਾਂ ਦਾ ਇਲਾਜ ਚੱਲ ਰਿਹਾ ਹੈ।


DIsha

Content Editor

Related News