ਗਾਂਜੇ ਦੀ ਤਸਕਰੀ 'ਤੇ ਪੁਲਸ ਦਾ 'ਆਪ੍ਰੇਸ਼ਨ ਪਰਿਵਰਤਨ', 14,000 ਕਿਲੋ ਗਾਂਜਾ ਸਾੜਿਆ
Monday, Dec 26, 2022 - 10:05 AM (IST)
ਆਂਧਰਾ ਪ੍ਰਦੇਸ਼- ਆਂਧਰਾ ਪ੍ਰਦੇਸ਼ ਪੁਲਸ ਨੇ ਗਾਂਜਾ ਦੀ ਖੇਤੀ ਅਤੇ ਤਸਕਰੀ 'ਤੇ ਰੋਕ ਲਾਉਣ ਲਈ 'ਆਪ੍ਰੇਸ਼ਨ ਪਰਿਵਰਤਨ' ਸ਼ੁਰੂ ਕੀਤਾ ਹੈ। ਆਂਧਰਾ ਪ੍ਰਦੇਸ਼ ਵਿਚ ਪੁਲਸ ਨੇ ਪਿਛਲੇ 30 ਸਾਲਾਂ 'ਚ ਵੱਖ-ਵੱਖ ਮਾਮਲਿਆਂ 'ਚ ਜ਼ਬਤ ਕੀਤੇ ਗਏ 14,000 ਕਿਲੋ ਗਾਂਜੇ ਨੂੰ ਸਾੜ ਦਿੱਤਾ ਹੈ। ਪੁਲਸ ਨੇ ਸੂਬੇ ਭਰ ਵਿਚ ਵੱਖ-ਵੱਖ ਜ਼ਿਲ੍ਹਿਆਂ 'ਚ ਗੈਰ-ਕਾਨੂੰਨੀ ਤਰੀਕੇ ਨਾਲ ਤਸਕਰੀ ਕੀਤੀ ਜਾ ਰਹੀ ਵੱਡੀ ਮਾਤਰਾ 'ਚ ਗਾਂਜਾ ਪਦਾਰਥ ਜ਼ਬਤ ਕੀਤਾ ਸੀ। ਪਿਛਲੇ ਸਾਲ ਵੀ ਵੱਡੀ ਮਾਤਰਾ 'ਚ ਗਾਂਜਾ ਨਸ਼ਟ ਕੀਤਾ ਗਿਆ ਸੀ। ਇਸ ਸਾਲ ਵੀ ਗਾਂਜਾ ਦੀ ਖੇਤੀ ਨੂੰ ਨਸ਼ਟ ਕਰਨ ਅਤੇ ਜ਼ਬਤ ਕੀਤੀ ਗਈ ਗਾਂਜਾ ਨੂੰ ਸਾੜਨ ਦੀ ਮੁਹਿੰਮ ਚਲਾਈ ਜਾ ਰਹੀ ਹੈ।
ਆਂਧਰਾ ਪ੍ਰਦੇਸ਼ ਪੁਲਸ ਨੇ ਇਸ ਸਾਲ 2022 'ਚ ਸੂਬੇ ਦੇ ਵੱਖ-ਵੱਖ ਖੇਤਰਾਂ 'ਚ ਵੱਖ-ਵੱਖ ਮਾਮਲਿਆਂ 'ਚ 2,45,000 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਹੈ, ਜ਼ਿਆਦਾਤਰ ਓਡੀਸ਼ਾ ਤੋਂ ਤਸਕਰੀ ਕੀਤਾ ਜਾ ਰਿਹਾ ਸੀ। ਇਸ ਸਾਲ ਆਪਰੇਸ਼ਨ ਪਰਿਵਰਤਨ ਦੌਰਾਨ ਜ਼ਬਤ ਕੀਤੀ ਗਈ ਗਾਂਜੇ ਦੀ ਫ਼ਸਲ ਨੂੰ ਵੱਖ-ਵੱਖ ਖੇਤਰਾਂ 'ਚ ਨਸ਼ਟ ਕੀਤਾ ਜਾ ਰਿਹਾ ਹੈ। ਪਹਿਲੇ ਦਿਨ 23 ਦਸੰਬਰ ਨੂੰ ਐਲੂਰੂ ਖੇਤਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ 465 ਮਾਮਲਿਆਂ 'ਚ ਜ਼ਬਤ ਕੀਤਾ ਗਿਆ ਗਾਂਜਾ ਨਸ਼ਟ ਕਰ ਦਿੱਤਾ ਗਿਆ ਹੈ। ਇਸ ਦੌਰਾਨ 64,832 ਕਿਲੋ ਗਾਂਜਾ ਇਕੱਠਾ ਕਰਕੇ ਸਾੜਿਆ ਗਿਆ।