ਭਲਕੇ ਜੰਮੂ-ਕਸ਼ਮੀਰ ਦੌਰੇ ''ਤੇ ਜਾਣਗੇ ਅਮਿਤ ਸ਼ਾਹ, ਅਮਰਨਾਥ ਯਾਤਰਾ ਦੀਆਂ ਤਿਆਰੀਆਂ ਦਾ ਲੈਣਗੇ ਜਾਇਜ਼ਾ

Thursday, Jun 22, 2023 - 05:58 PM (IST)

ਨੈਸ਼ਨਲ ਡੈਸਕ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 23-24 ਜੂਨ ਨੂੰ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ 'ਤੇ ਰਹਿਣਗੇ। ਇਸ ਦੌਰਾਨ ਉਹ ਜੰਮੂ ਅਤੇ ਸ਼੍ਰੀਨਗਰ 'ਚ ਕਈ ਪ੍ਰੋਗਰਾਮਾਂ 'ਚ ਸ਼ਿਰਕਤ ਕਰਨਗੇ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਾਹ ਸ਼ੁੱਕਰਵਾਰ ਸਵੇਰੇ ਜੰਮੂ 'ਚ ਭਾਜਪਾ ਦੇ ਵਿਚਾਰਕ ਅਤੇ ਭਾਰਤੀ ਜਨ ਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਮੂਰਤੀ 'ਤੇ ਫੁੱਲ ਮਾਲਾ ਚੜ੍ਹਾ ਕੇ ਜੰਮੂ-ਕਸ਼ਮੀਰ ਦੇ ਆਪਣੇ ਦੌਰੇ ਦੀ ਸ਼ੁਰੂਆਤ ਕਰਨਗੇ। ਸੂਤਰਾਂ ਮੁਤਾਬਕ, ਇਸ ਤੋਂ ਬਾਅਦ ਸ਼ਾਹ ਸਾਂਬਾ 'ਚ ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਦਾ ਨੀਂਹ ਪੱਥਰ ਰੱਖਣਗੇ। ਉਹ ਸ਼ਹਿਰ 'ਚ ਕਈ ਹੋਰ ਵਿਕਾਸ ਪ੍ਰਾਜੈਕਟਾਂ ਦਾ ਵੀ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਸੂਤਰਾਂ ਮੁਤਾਬਕ, ਦੁਪਹਿਰ ਨੂੰ ਸ਼ਾਹ ਸ਼੍ਰੀਨਗਰ ਰਵਾਲਾ ਹੋਣਗੇ, ਜਿਥੇ ਉਹ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਲਈ ਰਾਜ ਭਵਨ 'ਚ ਆਯੋਜਿਤ ਪ੍ਰੋਗਰਾਮ 'ਚ ਹਿੱਸਾ ਲੈਣਗੇ। ਸੂਤਰਾਂ ਨੇ ਦੱਸਿਆ ਕਿ ਸ਼ਾਮ ਨੂੰ ਗ੍ਰਹਿ ਮੰਤਰੀ ਸ਼ਹਿਰ 'ਚ ਕੇਂਦਰੀ ਸੱਭਿਆਚਾਰ ਮੰਤਰਾਲਾ ਦੁਆਰਾ ਆਯੋਜਿਤ 'ਵਿਤਾਸਤਾ' ਤਿਉਹਾਰ 'ਚ ਸ਼ਿਰਕਤ ਕਰਨਗੇ। ਸੂਤਰਾਂ ਮੁਤਾਬਕ, ਸ਼ਨੀਵਾਰ ਨੂੰ ਸ਼ਾਹ ਰਾਸ਼ਟਰੀ ਰਾਜਧਾਨੀ ਪਰਤਨ ਤੋਂ ਪਹਿਲਾਂ ਸ਼੍ਰੀਨਗਰ 'ਚ 'ਬਲੀਦਾਨ ਥੰਮ' ਦਾ ਨੀਂਹ ਪੱਥਰ ਰੱਖਣਗੇ।


Rakesh

Content Editor

Related News