ਮੋਦੀ ਦੀ ਵਾਪਸੀ ਹੋਈ ਤਾਂ ਅਮਿਤ ਸ਼ਾਹ ਬਣਨਗੇ ਗ੍ਰਹਿ ਮੰਤਰੀ : ਕੇਜਰੀਵਾਲ
Monday, Apr 15, 2019 - 12:28 AM (IST)

ਨਵੀਂ ਦਿੱਲੀ, (ਇੰਟ.)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇਸ਼ ਦੇ ਅਗਲੇ ਗ੍ਰਹਿ ਮੰਤਰੀ ਹੋਣਗੇ। ਗੋਆ ’ਚ ਇਕ ਚੋਣ ਰੈਲੀ ਵਿਚ ਕੇਜਰੀਵਾਲ ਨੇ ਕਿਹਾ ਕਿ ਇਸ ਵਿਚ ਕੋਈ ਵੀ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਮੌਜੂਦਾ ਚੋਣਾਂ ਦੇਸ਼ ਨੂੰ ਬਚਾਉਣ ਦੀ ਇਕ ਲੜਾਈ ਹੈ। ਇਹ ਸੋਚੋ ਕਿ ਜੇ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਬਣ ਗਏ ਤਾਂ ਫਿਰ ਦੇਸ਼ ਦਾ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਗੋਆ ਵਿਚ ਮੌਬ ਲਿੰਚਿੰਗ ਦੀਆਂ 3 ਘਟਨਾਵਾਂ ਵਾਪਰ ਜਾਂਦੀਆਂ ਹਨ ਤਾਂ ਸੈਲਾਨੀ ਇਥੇ ਆਉਣਾ ਬੰਦ ਕਰ ਦੇਣਗੇ। ਇੰਝ ਹੋਣ ਨਾਲ ਗੋਆ ਦੀ ਆਰਥਿਕਤਾ ਨੂੰ ਵੱਡੀ ਸੱਟ ਲੱਗ ਸਕਦੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਲਈ ਕੁਝ ਵੀ ਕਰਨ ਲਈ ਤਿਆਰ ਹਨ। ਇਹ ਗੱਲ ਕੇਜਰੀਵਾਲ ਨੇ ਦਿੱਲੀ ਵਿਚ ਕਾਂਗਰਸ ਨਾਲ ਗਠਜੋੜ ਦੇ ਮੁੱਦੇ ’ਤੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਹੀ। ਉਨ੍ਹਾਂ ਦੇ ਇਸ ਬਿਆਨ ਪਿੱਛੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਰਮਿਆਨ ਗਠਜੋੜ ਹੋਣ ਦੀਆਂ ਅਟਕਲਾਂ ਮੁੜ ਤੇਜ਼ ਹੋ ਗਈਆਂ ਹਨ।
ਮੋਦੀ ਨੂੰ ਸੱਤਾ ਤੋਂ ਬਾਹਰ ਹੋਣ ਦਾ ਡਰ
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਐਤਵਾਰ ਨਰਿੰਦਰ ਮੋਦੀ ’ਤੇ ਪੂਰੇ ਦੇਸ਼ ਵਿਚ ਸਿਰਫ ਆਪਣੀਆਂ ਹੀ ਪ੍ਰਾਪਤੀਆਂ ਦਾ ਢਿੰਡੋਰਾ ਪਿੱਟਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਹੋ ਜਾਣ ਦਾ ਡਰ ਸਤਾ ਰਿਹਾ ਹੈ। ਪ੍ਰਧਾਨ ਮੰਤਰੀ ’ਤੇ ਟਿੱਪਣੀ ਕਰਦਿਆਂ ਚਿਦਾਂਬਰਮ ਨੇ ਕਿਹਾ ਕਿ ਮੋਦੀ ਦੀਆਂ ਅਸਲ ਪ੍ਰਾਪਤੀਆਂ ’ਚ ਨੋਟਬੰਦੀ, ਦਰਮਿਆਨੇ ਅਦਾਰਿਆਂ ਨੂੰ ਖਤਮ ਕਰਨਾ, 4 ਕਰੋੜ 70 ਲੱਖ ਨੌਕਰੀਆਂ ਨਾ ਦੇ ਸਕਣਾ, ਔਰਤਾਂ, ਦਲਿਤਾਂ, ਘੱਟ ਗਿਣਤੀਆਂ, ਲੇਖਕਾਂ, ਕਲਾਕਾਰਾਂ ਅਤੇ ਗੈਰ ਸਰਕਾਰੀ ਸੰਗਠਨਾਂ ਵਿਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਮੋਦੀ ਰੋਜ਼ਾਨਾ ਹੀ ਤਿੱਖੇ ਤੋਂ ਤਿੱਖੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਜਾਣ ਦਾ ਡਰ ਸਤਾ ਰਿਹਾ ਹੈ।