ਸਮਝੌਤੇ ਤਾਂ ਕਾਗਜ਼ਾਂ ’ਚ ਹੁੰਦੇ ਹਨ, ਜੰਮੂ-ਕਸ਼ਮੀਰ ਸਾਡੇ ਦਿਲ ’ਚ ਹੈ: ਅਮਿਤ ਸ਼ਾਹ
Saturday, Feb 13, 2021 - 03:24 PM (IST)
ਨਵੀਂ ਦਿੱਲੀ— ਲੋਕ ਸਭਾ ’ਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ’ਚੋਂ ਧਾਰਾ-370 ਹਟਾਉਣ ਨੂੰ ਲੈ ਕੇ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਧਾਰਾ-370 ਹਟਣੀ ਚਾਹੀਦੀ ਸੀ, ਅਸੀਂ ਇਸ ਨੂੰ ਹਟਾ ਦਿੱਤਾ। ਇਹ ਧਾਰਾ ਵਿਕਾਸ ’ਚ ਰੋੜਾ ਸੀ। ਅਮਿਤ ਸ਼ਾਹ ਨੇ ਇਸ ਦੇ ਨਾਲ ਹੀ ਕਿਹਾ ਕਿ ਸਮਝੌਤੇ ਤਾਂ ਕਾਗਜ਼ਾਂ ’ਚ ਹੁੰਦੇ ਹਨ, ਜੰਮੂ-ਕਸ਼ਮੀਰ ਸਾਡੇ ਦਿਲ ’ਚ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਧਾਰਾ-370 ’ਤੇ 17 ਮਹੀਨੇ ਵਿਚ ਵਿਰੋਧੀ ਧਿਰ ਸਾਡੇ ਤੋਂ ਹਿਸਾਬ ਮੰਗ ਰਿਹਾ ਹੈ। ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ 70 ਸਾਲਾਂ ਤੱਕ ਤੁਸੀਂ ਕੀ ਕੀਤਾ? ਉਨ੍ਹਾਂ ਕਿਹਾ ਕਿ ਪੀੜ੍ਹੀਆਂ ਤੱਕ ਜੰਮੂੁ-ਕਸ਼ਮੀਰ ਵਿਚ ਸ਼ਾਸਨ ਕਰਨ ਵਾਲੇ ਇਸ ਦਾ ਜਵਾਬ ਦੇਣ। ਅਮਿਤ ਸ਼ਾਹ ਨੇ ਕਿਹਾ ਕਿ ਵੋਟ ਬੈਂਕ ਦੀ ਰਾਜਨੀਤੀ ਕਾਰਨ ਜੰਮੂ-ਕਸ਼ਮੀਰ ’ਚ ਧਾਰਾ-370 ਲਾਗੂ ਸੀ। ਦੇਸ਼ ਵੋਟ ਬੈਂਕ ਦੀ ਰਾਜਨੀਤੀ ਨਾਲ ਨਹੀਂ ਚੱਲਦਾ।
ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਵਾਪਸ ਮਿਲੇਗਾ-
ਗ੍ਰਹਿ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਨਰਗਠਨ (ਸੋਧ) ਕਾਨੂੰਨ ਦਾ ਸੂਬੇ ਦੇ ਦਰਜੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਸਹੀ ਸਮਾਂ ’ਤੇ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇਗਾ। ਲੋਕ ਸਭਾ ਵਿਚ ਜੰਮੂ-ਕਸ਼ਮੀਰ ਪੁਨਰਗਠਨ (ਸੋਧ) ਕਾਨੂੰਨ, 2021 ’ਤੇ ਚਰਚਾ ਦਾ ਜਵਾਬ ਦਿੰਦੇ ਹੋਏ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਬਿੱਲ ਦਾ ਜੰਮੂ-ਕਸ਼ਮੀਰ ਦੇ ਸੂਬੇ ਦੇ ਦਰਜੇ ਨਾਲ ਕੋਈ ਸਬੰਧ ਨਹੀਂ ਹੈ। ਸਹੀ ਸਮੇਂ ’ਤੇ ਪ੍ਰਦੇਸ਼ ਨੂੰ ਰਾਜ ਦਾ ਦਰਜਾ ਦਿੱਤਾ ਜਾਵੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਇਕ ਵਾਰ ਫਿਰ ਲੋਕ ਸਭਾ ’ਚ ਆਖ ਰਹੇ ਹਨ ਕਿ ਉੱਚਿਤ ਸਮਾਂ ਆਉਣ ’ਤੇ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਵਾਪਸ ਮਿਲੇਗਾ। ਲੋਕ ਸਭਾ ਨੇ ਜੰਮੂ-ਕਸ਼ਮੀਰ ਪੁਨਰਗਠਨ (ਸੋਧ) ਬਿੱਲ, 2021 ਨੂੰ ਪਾਸ ਹੋ ਗਿਆ ਹੈ।
ਜੰਮੂ-ਕਸ਼ਮੀਰ ਵਿਕਾਸ ਦੀ ਰਾਹ ’ਤੇ—
ਅਮਿਤ ਸ਼ਾਹ ਨੇ ਕਿਹਾ ਕਿ 70 ਸਾਲਾਂ ’ਚ ਜੋ ਨਹੀਂ ਹੋਇਆ, ਉਹ ਹੁਣ ਹੋ ਰਿਹਾ ਹੈ। ਧਾਰਾ-370 ਹਟਦੇ ਹੀ ਜੰਮੂ-ਕਸ਼ਮੀਰ ਵਿਚ ਪੰਚਾਇਤ ਸਰਕਾਰ ਮਜ਼ਬੂਤ ਹੋਈ। ਕਸ਼ਮੀਰ ’ਚ ਕੋਈ ਅਫ਼ਸਰ ਬਾਹਰੀ ਨਹੀਂ, ਸਾਰੇ ਭਾਰਤੀ ਹਨ। ਪੰਚਾਇਤ ਚੋਣਾਂ ’ਚ ਕਿਤੇ ਵੀ ਹਿੰਸਾ ਨਹੀਂ ਹੋਈ। ਜੰਮੂ-ਕਸ਼ਮੀਰ ਨੇ ਬਹੁਤ ਦਰਦ ਸਹਿਆ ਹੈ। ਜਿਨ੍ਹਾਂ ਨੂੰ 70 ਸਾਲਾਂ ਵਿਚ ਬਿਜਲੀ ਨਹੀਂ ਮਿਲੀ, ਉਨ੍ਹਾਂ ਨੂੰ 17 ਮਹੀਨਿਆਂ ’ਚ ਦਿੱਤੀ। 3 ਲੱਖ 57 ਹਜ਼ਾਰ ਪਰਿਵਾਰਾਂ ਨੂੰ ਬਿਜਲੀ ਦਿੱਤੀ ਗਈ। ਹਰ ਕਿਸਾਨ ਨੂੰ 6 ਹਜ਼ਾਰ ਰੁਪਏ ਉਨ੍ਹਾਂ ਦੇ ਖ਼ਾਤੇ ਵਿਚ ਮਿਲ ਰਿਹਾ ਹੈ। ਅੱਜ ਬੱਚਿਆਂ ਦੇ ਹੱਥਾਂ ਵਿਚ ਬੰਦੂਕ ਦੀ ਬਜਾਏ ਬੈਟ ਹਨ। ਸਾਲ 2022 ਤੱਕ ਘਾਟੀ ਨੂੰ ਰੇਲ ਸੇਵਾ ਨਾਲ ਜੋੜਨ ਦੀ ਤਜਵੀਜ਼ ਹੈ। ਇਸ ਦੇ ਨਾਲ ਹੀ ਹਰ ਸ਼ਹਿਰ ਨੂੰ 2022 ਤੱਕ ਸੜਕ ਨਾਲ ਜੋੜਾਂਗੇ।
25 ਹਜ਼ਾਰ ਨੌਕਰੀਆਂ ਬੇਰੁਜ਼ਾਗਰਾਂ ਨੂੰ ਦਿੱਤੀਆਂ ਜਾਣਗੀਆਂ—
2022 ਤੱਕ 25 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਟੀਚਾ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਖਾਲੀ ਅਹੁਦਿਆਂ ਨੂੰ ਭਰਨ ਲਈ ਭਰਤੀਆਂ ਸ਼ੁਰੂ ਕੀਤੀਆਂ ਗਈਆਂ ਹਨ। ਲੱਦਾਖ ਨੂੰ ਸੈਰ-ਸਪਾਟਾ ਹੱਬ ਬਣਾ ਰਹੇ ਹਾਂ। ਗ੍ਰਹਿ ਮੰਤਰੀ ਨੇ ਕਿਹਾ ਕਿ ਕਸ਼ਮੀਰ ’ਚ ਪਹਿਲਾਂ ਕਰਫਿਊ ਲੱਗਾ ਰਹਿੰਦਾ ਸੀ ਪਰ ਹੁਣ ਅਜਿਹਾ ਨਹੀਂ ਹੈ।
ਜੰਮੂ-ਕਸ਼ਮੀਰ ’ਚ ਕਿਸੇ ਦੀ ਜ਼ਮੀਨ ਨਹੀਂ ਜਾਵੇਗੀ—
ਗ੍ਰਹਿ ਮੰਤਰੀ ਨੇ ਜੰਮੂ-ਕਸ਼ਮੀਰ ’ਚ ਧਾਰਾ-370 ਦਾ ਖ਼ੌਫ ਦਿਖਾ ਕੇ ਤਿੰਨ ਪਰਿਵਾਰ ਲਗਾਤਾਰ ਰਾਜ਼ ਕਰਦੇ ਰਹੇ। ਲੋਕਾਂ ਨੂੰ ਜ਼ਮੀਨ ਖੋਹਣ ਦਾ ਖ਼ੌਫ ਦਿਖਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਸੰਸਦ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਿਸੇ ਦੀ ਜ਼ਮੀਨ ਨਹੀਂ ਜਾਵੇਗੀ। ਸਰਕਾਰ ਕੋਲ ਉਦਯੋਗਾਂ ਲਈ ਉੱਚਿਤ ਜ਼ਮੀਨ ਹੈ।