ਸ਼ਾਹ ਦੀ ਹੁੰਕਾਰ, ਕਿਹਾ- ਭਾਜਪਾ ਨੂੰ 5 ਸਾਲ ਦਿਓ ‘ਸ਼ੋਨਾਰ ਬੰਗਲਾ’ ਬਣਾਵਾਂਗੇ

12/19/2020 4:44:22 PM

ਮਿਦਨਾਪੁਰ— ਗ੍ਰਹਿ ਮੰਤਰੀ ਅਮਿਤ ਸ਼ਾਹ ਪੱਛਮੀ ਬੰਗਾਲ ਦੇ ਦੋ ਦਿਨਾਂ ਦੇ ਦੌਰੇ ’ਤੇ ਕੋਲਕਾਤਾ ਪੁੱਜੇ ਹਨ। ਕੋਲਕਾਤਾ ਦੇ ਮਿਦਨਾਪੁਰ ’ਚ ਅਮਿਤ ਸ਼ਾਹ ਨੇ ਰੈਲੀ ਨੂੰ ਸੰਬੋਧਿਤ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਅੱਜ ਸਾਰੇ ਦਲਾਂ ਤੋਂ ਚੰਗੇ ਲੋਕ ਭਾਜਪਾ ਵਿਚ ਆ ਗਏ ਹਨ। ਅੱਜ ਇਕ ਐੱਮ. ਪੀ. ਅਤੇ 9 ਐੱਮ. ਐੱਲ. ਏ. ਸਮੇਤ ਕਈ ਨੇਤਾ ਭਾਜਪਾ ’ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਅਜੇ ਤਾਂ ਬਸ ਸ਼ੁਰੂਆਤ ਹੋਈ ਹੈ, ਜਦੋਂ ਚੋਣਾਂ ਆਉਣਗੀਆਂ ਉਦੋਂ ਤੱਕ ਤਾਂ ਮਮਤਾ ਦੀਦੀ ਇਕੱਲੀ ਰਹਿ ਜਾਵੇਗੀ। ਅਮਿਤ ਸ਼ਾਹ ਨੇ ਕਿਹਾ ਕਿ ਮਮਤਾ ਦੀਦੀ ਕਹਿੰਦੀ ਹੈ ਕਿ ਭਾਜਪਾ ਦਲ-ਬਦਲ ਕਰਾਉਂਦੀ ਹੈ। ਦੀਦੀ ਮੈਂ ਤੁਹਾਨੂੰ ਯਾਦ ਕਰਾਉਣ ਆਇਆ ਹਾਂ, ਜਦੋਂ ਤੁਸੀਂ ਕਾਂਗਰਸ ਛੱਡ ਕੇ ਤ੍ਰਿਣਮੂਲ ਬਣਾਈ ਤਾਂ ਕੀ ਉਹ ਦਲ-ਬਦਲ ਨਹੀਂ ਸੀ? 

ਬਸ ਇੰਨਾ ਹੀ ਨਹੀਂ ਸ਼ਾਹ ਨੇ ਕਿਹਾ ਕਿ ਮਮਤਾ ਬੈਨਰਜੀ ਨੇ ਮਾਂ, ਮਾਨੁਸ਼ ਅਤੇ ਮਾਟੀ ਦੇ ਨਾਅਰੇ ਨੂੰ ਭ੍ਰਿਸ਼ਟਾਚਾਰ, ਤੋਲਾਬਾਜ਼ੀ ਅਤੇ ਭਤੀਜਾਵਾਦ ’ਚ ਬਦਲ ਦਿੱਤਾ ਹੈ। ਅਮਿਤ ਸ਼ਾਹ ਨੇ ਕਿਹਾ ਕਿ ਲੋਕ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਲੋਕ ਕਹਿੰਦੇ ਸਨ ਕਿ ਭਾਜਪਾ ਦਾ ਖ਼ਾਤਾ ਨਹੀਂ ਖੁੱਲ੍ਹੇਗਾ ਪਰ ਭਾਜਪਾ ਨੇ 18 ਸੀਟਾਂ ਜਿੱਤੀਆਂ। ਸ਼ਾਹ ਨੇ ਕਿਹਾ ਕਿ ਜਦੋਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣਗੇ ਤਾਂ ਭਾਜਪਾ 200 ਤੋਂ ਵਧੇਰੇ ਸੀਟਾਂ ਨਾਲ ਸਰਕਾਰ ਬਣਾਏਗੀ।
ਅਮਿਤ ਸ਼ਾਹ ਨੇ ਆਪਣੇ ਭਾਸ਼ਣ ਦੇ ਅਖ਼ੀਰ ਵਿਚ ਜੈ ਸ਼੍ਰੀਰਾਮ ਦੇ ਨਾਅਰੇ ਲਗਵਾਏ। ਇਸ ਦੌਰਾਨ ਸ਼ਾਹ ਨੇ ਟੀ. ਐੱਮ. ਸੀ. ਨੂੰ ਉਖਾੜ ਸੁੱਟਣ ਦੀ ਸਹੁੰ ਚੁੱਕੀ। ਸ਼ਾਹ ਨੇ ਕਿਹਾ ਕਿ ਤੁਸੀਂ ਬੰਗਾਲ ਦੇ 3 ਦਹਾਕੇ ਕਾਂਗਰਸ ਨੂੰ ਦਿੱਤੇ, 27 ਸਾਲ ਕਮਿਊਨਿਸਟਾਂ ਨੂੰ ਦਿੱਤੇ, 10 ਸਾਲ ਮਮਤਾ ਦੀਦੀ ਨੂੰ ਦਿੱਤੇ। ਹੁਣ ਤੁਸੀਂ 5 ਸਾਲ ਭਾਜਪਾ ਨੂੰ ਦਿਓ, ਅਸੀਂ ਤੁਹਾਡੇ ਲਈ ਸ਼ੋਨਾਰ ਬੰਗਲਾ ਬਣਾਵਾਂਗੇ। 


Tanu

Content Editor

Related News