ਪਹਿਲਗਾਮ ਅੱਤਵਾਦੀ ਹਮਲੇ ’ਤੇ ਬੋਲੇ ਅਮਿਤ ਸ਼ਾਹ-ਕੌਮਾਂਤਰੀ ਮੰਚ ’ਤੇ ਪਾਕਿਸਤਾਨ ਨੂੰ ਕਟਹਿਰੇ ’ਚ ਖੜਾ ਕਰਾਂਗੇ
Friday, Dec 26, 2025 - 11:24 PM (IST)
ਨਵੀਂ ਦਿੱਲੀ– ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਚ ‘ਅੱਤਵਾਦ ਵਿਰੋਧੀ ਸੰਮੇਲਨ’ ਦਾ ਉਦਘਾਟਨ ਕੀਤਾ। 2 ਦਿਨਾਂ ਸੰਮੇਲਨ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲਾ ਦੇ ਤਹਿਤ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਸ਼ਾਹ ਨੇ ਕਿਹਾ ਕਿ ਅੱਤਵਾਦ ’ਤੇ 360 ਡਿਗਰੀ ਹਮਲਾ ਹੋਵੇਗਾ। ਇਕ ‘ਅਭੇਦ ਅੱਤਵਾਦ ਵਿਰੋਧੀ ਗ੍ਰਿਡ’ ਹਰ ਚੁਣੌਤੀ ਦਾ ਸਾਹਮਾਣਾ ਕਰੇਗਾ। ਸਾਡੀ ਟੀਮ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਪੂਰੀ ਅਤੇ ਸਫਲ ਜਾਂਚ ਕੀਤੀ ਹੈ, ਜਿਸ ਨੂੰ ਪੂਰੀ ਦੁਨੀਆ ਦੀਆਂ ਏਜੰਸੀਆਂ ਆਉਣ ਵਾਲੇ ਦਿਨਾਂ ਵਿਚ ਸਟੱਡੀ ਕਰਨਗੀਆਂ।
ਉਨ੍ਹਾਂ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਦੀ ਜਾਂਚ ਦੇ ਨਤੀਜੇ ਕੌਮਾਂਤਰੀ ਮੰਚ ’ਤੇ ਪਾਕਿਸਤਾਨ ਨੂੰ ਕਟਹਿਰੇ ਵਿਚ ਖੜਾ ਕਰਨਗੇ। ਸ਼ਾਹ ਨੇ ਕਿਹਾ ਕਿ ਬਾਇਸਰਣ ਵਾਦੀ ਦਾ ਹਮਲਾ ਦੇਸ਼ ਨੂੰ ਝੰਜੋੜ ਦੇਣ ਵਾਲਾ ਸੀ। ਇਸ ਹਮਲੇ ਨਾਲ ਅੱਤਵਾਦੀ ਦੇਸ਼ ਵਿਚ ਭਾਈਚਾਰਕ ਸਦਭਾਵਨਾ ਨੂੰ ਵਿਗਾੜਨ ਅਤੇ ਕਸ਼ਮੀਰ ਵਿਚ ਸ਼ੁਰੂ ਹੋਏ ਵਿਕਾਸ ਦੇ ਨਵੇਂ ਯੁੱਗ ਅਤੇ ਸੈਰ-ਸਪਾਟਾ ਨੂੰ ਝਟਕਾ ਦੇਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਤਿੰਨਾਂ ਅੱਤਵਾਦੀਆਂ ਨੂੰ ਬਹੁਤ ਢੁੱਕਵੀਂ ਸੂਚਨਾ ਦੇ ਆਧਾਰ ’ਤੇ ਸਾਡੀਆਂ ਸੁਰੱਖਿਆ ਫੋਰਸਾਂ ਨੇ ਤਹਿਸ-ਨਹਿਸ ਕਰ ਕੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦੇਣ ਦਾ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਆਪ੍ਰੇਸ਼ਨ ਸਿੰਧੂਰ ਰਾਹੀਂ ਅੱਤਵਾਦੀ ਹਮਲੇ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਸਜ਼ਾ ਦਿੱਤੀ ਅਤੇ ਆਪ੍ਰੇਸ਼ਨ ਮਹਾਦੇਵ ਰਾਹੀਂ ਉਨ੍ਹਾਂ ਲੋਕਾਂ ਨੂੰ ਢੇਰ ਕੀਤਾ, ਜਿਨ੍ਹਾਂ ਹਥਿਆਰ ਮੁਹੱਈਆ ਕਰਵਾ ਕੇ ਇਸ ਕਾਰੇ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਕਿਹਾ ਕਿ ਲਾਲ ਕਿਲੇ ਦੇ ਬਾਹਰ ਹੋਏ ਧਮਾਕੇ ਵਿਚ 40 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ ਦਾ ਇਸਤੇਮਾਲ ਕੀਤਾ ਗਿਆ ਸੀ, ਜਦਕਿ ਧਮਾਕਾ ਹੋਣ ਤੋਂ ਪਹਿਲਾਂ ਹੀ 3 ਟਨ ਧਮਾਕਾਖੇਜ਼ ਸਮੱਗਰੀ ਬਰਾਮਦ ਕਰ ਲਈ ਗਈ ਸੀ।
