ਜੰਗਲ ਰਾਜ ਅਤੇ ਪਲਟੂਰਾਮ ਤੋਂ ਬਿਹਾਰ ਨੂੰ ਮੁਕਤੀ ਦਿਓ : ਸ਼ਾਹ

Monday, Nov 06, 2023 - 12:44 PM (IST)

ਮੁਜ਼ੱਫਰਪੁਰ, (ਏਜੰਸੀਆਂ)- ਬਿਹਾਰ ਦੇ ਮੁਜ਼ੱਫਰਪੁਰ ’ਚ ਰੈਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਚੋਣਾਂ-2024 ਅਤੇ ਬਿਹਾਰ ਵਿਧਾਨ ਸਭਾ ਚੋਣਾਂ-2025 ਨੂੰ ਲੈ ਕੇ ਆਪਣਾ ਏਜੰਡਾ ਕਲੀਅਰ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਲਾਲੂ ਯਾਦਵ ਅਤੇ ਨਿਤੀਸ਼ ਕੁਮਾਰ ’ਤੇ ਮੁਸਲਿਮ ਤੁਸ਼ਟੀਕਰਨ ਦਾ ਦੋਸ਼ ਲਾਇਆ। ਇਸ ਦੇ ਜਵਾਬ ’ਚ ਉਨ੍ਹਾਂ ਹਿੰਦੂ ਦੇਵੀ-ਦੇਵਤਿਆਂ ਨੂੰ ਯਾਦ ਕਰਦੇ ਹੋਏ ਬਿਹਾਰ ਨੂੰ ਜੰਗਲ ਰਾਜ ਅਤੇ ਪਲਟੂ ਰਾਮ ਤੋਂ ਮੁਕਤ ਕਰਨ ਦੀ ਪ੍ਰਾਰਥਨਾ ਕੀਤੀ। ਪਤਾਹੀ ਏਅਰਪੋਰਟ ’ਤੇ ਆਯੋਜਿਤ ਕਿਸਾਨ ਰੈਲੀ ਦੇ ਮੰਚ ’ਤੇ ਪਹੁੰਚਦੇ ਹੀ ਅਮਿਤ ਸ਼ਾਹ ਨੇ ਸਭ ਤੋਂ ਪਹਿਲਾਂ ਬਿਹਾਰ ਦੀ ਜਨਤਾ ਨੂੰ ਛਠ ਦੇ ਤਿਉਹਾਰ ਦੀ ਅਗਾਊਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬਿਹਾਰ ਦੇ ਲੋਕ ਆਸਥਾ ਦਾ ਤਿਉਹਾਰ ਛਠ ਪੂਰੀ ਸ਼ਰਧਾ ਨਾਲ ਮਨਾਉਂਦੇ ਹਨ। ਗ੍ਰਹਿ ਮੰਤਰੀ ਨੇ ਮੁਜ਼ੱਫਰਪੁਰ ’ਚ ਸਥਿਤ ਪ੍ਰਸਿੱਧ ਸ਼ਿਵਾਲਾ ਬਾਬਾ ਗਰੀਬਨਾਥ ਅਤੇ ਦਿਹਾਤੀ ਇਲਾਕੇ ’ਚ ਸਥਿਤ ਬਾਬਾ ਖਗੇਸ਼ਵਰਨਾਥ ਨੂੰ ਵੀ ਪ੍ਰਣਾਮ ਕੀਤਾ।

ਉਨ੍ਹਾਂ ਛਠੀ ਮਈਆ ਅੱਗੇ ਲਾਲੂ ਯਾਦਵ ਦੇ ਜੰਗਲ ਰਾਜ ਅਤੇ ਪਲਟੂ ਰਾਮ (ਮੁੱਖ ਮੰਤਰੀ ਨਿਤੀਸ਼ ਕੁਮਾਰ) ਤੋਂ ਬਿਹਾਰ ਦੀ ਜਨਤਾ ਨੂੰ ਮੁਕਤੀ ਦਿਵਾਉਣ ਦੀ ਅਰਦਾਸ ਕੀਤੀ। ਅਮਿਤ ਸ਼ਾਹ ਨੇ ਕਿਹਾ ਕਿ ਸੱਤਾ ਦਾ ਸੁੱਖ ਭੋਗਣ ਲਈ ਨਿਤੀਸ਼ ਕੁਮਾਰ ਨੇ ਬਿਹਾਰ ਦੇ ਲੋਕ ਫਤਵੇ ਦਾ ਅਪਮਾਨ ਕੀਤਾ। ਲਾਲੂ ਯਾਦਵ ਦੇ ਮਾੜੇ ਰਾਜ ਵਿਰੁੱਧ ਲੋਕ ਰਾਏ ਹਾਸਲ ਕੀਤੀ ਅਤੇ ਪ੍ਰਧਾਨ ਮੰਤਰੀ ਬਣਨ ਦੇ ਲਾਲਚ ’ਚ ਉਨ੍ਹਾਂ ਦੀ ਗੋਦ ’ਚ ਜਾ ਕੇ ਬੈਠ ਗਏ। ਉਨ੍ਹਾਂ ਬਿਹਾਰ ਦੀ ਜਨਤਾ ਨੂੰ ਕਿਹਾ ਕਿ 2019 ’ਚ ਲੋਕ ਸਭਾ ਦੀਆਂ 39 ਸੀਟਾਂ ਤੁਸੀਂ ਨਰਿੰਦਰ ਮੋਦੀ ਜੀ ਦੀ ਝੋਲੀ ’ਚ ਪਾਈਆਂ ਸਨ। ਇਕ ਸੀਟ ਬਚ ਗਈ। 2024 ’ਚ ਉਹ ਵੀ ਮੋਦੀ ਜੀ ਨੂੰ ਦੇ ਦਿਓ।

ਤੁਹਾਨੂੰ ਬੇਨਤੀ ਹੈ ਕਿ 2025 ਦੀਆਂ ਚੋਣਾਂ ’ਚ ਪੂਰੇ ਬਿਹਾਰ ’ਚ ਕਮਲ ਖਿੜਾ ਦਿਓ ਅਤੇ ਭਾਜਪਾ ਦੀ ਸਰਕਾਰ ਬਣਾ ਦਿਓ। ਛਠੀ ਮਾਈਆ ਇਸ ਕੰਮ ’ਚ ਸਾਡੀ ਮਦਦ ਕਰੇ। ਕੇਂਦਰੀ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ ਜੀ-20 ਦੀ ਬੈਠਕ ਭਾਰਤ ’ਚ ਹੋਈ। ਦਿੱਲੀ ਐਲਾਨ ਪੱਤਰ ਨੂੰ ਬੈਠਕ ’ਚ ਸ਼ਾਮਲ ਸਾਰੇ ਦੇਸ਼ਾਂ ਨੇ ਨਾ ਸਿਰਫ਼ ਸਮਰਥਨ ਦਿੱਤਾ, ਸਗੋਂ ਇਸ ਦੇ ਲਈ ਮੋਦੀ ਜੀ ਦਾ ਸਨਮਾਨ ਵੀ ਕੀਤਾ। ਸਾਡੇ ਕਈ ਪ੍ਰਾਜੈਕਟਾਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਸਫਲਤਾ ਮਿਲੀ।


Rakesh

Content Editor

Related News