ਕੋਰੋਨਾ ਸੰਕਟ ਦਰਮਿਆਨ ਸ਼ਾਹ ਦੀ ਦੇਸ਼ਵਾਸੀਆਂ ਨੂੰ ਅਪੀਲ- ਜ਼ਰੂਰਤਮੰਦ ਲੋਕਾਂ ਦੀ ਕਰੋ ਮਦਦ
Tuesday, Apr 14, 2020 - 05:55 PM (IST)

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਦੇਸ਼ 'ਚ ਭੋਜਨ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤੂਆਂ ਦਾ ਪੂਰਾ ਭੰਡਾਰ ਹੈ ਅਤੇ ਲਾਕਡਾਊਨ ਦੀ ਮਿਆਦ ਵਧਣ ਨੂੰ ਲੈ ਕੇ ਕਿਸੇ ਨੂੰ ਵੀ ਚਿੰਤਾ ਨਹੀਂ ਕਰਨੀ ਚਾਹੀਦੀ। ਗ੍ਰਹਿ ਮੰਤਰੀ ਨੇ ਕਈ ਟਵੀਟ ਕਰ ਕੇ ਸੰਪੰਨ ਲੋਕਾਂ ਤੋਂ ਆਪਣੇ ਨੇੜੇ-ਤੇੜੇ ਰਹਿਣ ਵਾਲੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨਾਂ ਨੇ ਟਵੀਟ ਕੀਤਾ ਕਿ ਦੇਸ਼ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਮੈਂ ਜਨਤਾ ਨੂੰ ਮੁੜ ਭਰੋਸਾ ਦਿਵਾਉਂਦਾ ਹਾਂ ਕਿ ਦੇਸ਼ 'ਚ ਭੋਜਨ, ਦਵਾਈ ਅਤੇ ਹੋਰ ਜ਼ਰੂਰੀ ਵਸਤੂਆਂ ਦਾ ਪੂਰਾ ਭੰਡਾਰ ਹੈ, ਇਸ ਲਈ ਕਿਸੇ ਵੀ ਨਾਗਰਿਕ ਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ।
ਸੰਪੰਨ ਲੋਕ ਕਰਨ ਗਰੀਬਾਂ ਦੀ ਮਦਦ
ਸ਼ਾਹ ਨੇ ਟਵੀਟ ਕਰ ਕੇ ਸੰਪੰਨ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਅੱਗੇ ਆ ਕੇ ਨੇੜੇ-ਤੇੜੇ ਰਹਿਣ ਵਾਲੇ ਗਰੀਬਾਂ ਦੀ ਮਦਦ ਕਰੋ। ਉਨਾਂ ਨੇ ਰਾਜ ਸਰਕਾਰਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਾਰੀਆਂ ਪ੍ਰਦੇਸ਼ ਸਰਕਾਰਾਂ ਜਿਸ ਤਰਾਂ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ, ਉਹ ਸੱਚਮੁੱਚ ਪ੍ਰਸ਼ੰਸਾਯੋਗ ਹੈ। ਹੁਣ ਅਸੀਂ ਇਸ ਇਕਜੁਟਤਾ ਨੂੰ ਹੋਰ ਮਜ਼ਬੂਤ ਕਰਨਾ ਹੈ, ਜਿਸ ਨਾਲ ਸਾਰੇ ਨਾਗਰਿਕ ਲਾਕਡਾਊਨ ਦੀ ਚੰਗੀ ਤਰਾਂ ਪਾਲਣ ਕਰਨ ਅਤੇ ਕਿਸੇ ਵੀ ਨਾਗਰਿਕ ਨੂੰ ਜ਼ਰੂਰਤ ਦੀਆਂ ਵਸਤੂਆਂ ਦੀ ਸਮੱਸਿਆ ਵੀ ਨਾ ਹੋਵੇ।
ਡਾਕਟਰਾਂ ਤੇ ਹੋਰ ਸੁਰੱਖਿਆ ਕਰਮਚਾਰੀਆਂ ਦਾ ਯੋਗਦਾਨ ਦਿਲ ਛੂਹ ਲੈਣ ਵਾਲਾ
ਸ਼ਾਹ ਨੇ ਇਸ ਲੜਾਈ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਸਾਡੇ ਡਾਕਟਰਾਂ, ਸਿਹਤ ਕਰਮਚਾਰੀਆਂ, ਸਫ਼ਾਈ ਕਰਮਚਾਰੀਆਂ, ਪੁਲਸ ਅਤੇ ਸਾਰੇ ਸੁਰੱਖਿਆ ਕਰਮਚਾਰੀਆਂ ਦਾ ਯੋਗਦਾਨ ਦਿਲ ਨੂੰ ਛੂਹ ਲੈਣ ਵਾਲਾ ਹੈ। ਉਨਾਂ ਨੇ ਕਿਹਾ,''ਇਸ ਮੁਸ਼ਕਲ ਹਾਲਾਤ 'ਚ ਤੁਹਾਡਾ ਇਹ ਸਾਹਸ ਅਤੇ ਸਮਝਦਾਰੀ ਹਰ ਭਾਰਤਵਾਸੀ ਨੂੰ ਪ੍ਰੇਰਿਤ ਕਰਦੀ ਹੈ। ਸਾਰੇ ਲੋਕ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਕੇ ਇਨਾਂ ਦਾ ਸਹਿਯੋਗ ਕਰਨ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੇਸ਼ ਭਰ 'ਚ ਲਾਕਡਾਊਨ ਦੀ ਮਿਆਦ 3 ਮਈ ਤੱਕ ਵਧਾਏ ਜਾਣ ਦਾ ਮੰਗਲਵਾਰ ਨੂੰ ਐਲਾਨ ਕੀਤਾ।