ਦਿੱਲੀ ਧਮਾਕੇ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰੱਦ ਕੀਤਾ ਗੁਜਰਾਤ ਦਾ ਦੌਰਾ

Wednesday, Nov 12, 2025 - 05:18 PM (IST)

ਦਿੱਲੀ ਧਮਾਕੇ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰੱਦ ਕੀਤਾ ਗੁਜਰਾਤ ਦਾ ਦੌਰਾ

ਨੈਸ਼ਨਲ ਡੈਸਕ- ਸੋਮਵਾਰ ਸ਼ਾਮ ਨੂੰ ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਭਿਆਨਕ ਧਮਾਕੇ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀਰਵਾਰ ਨੂੰ ਹੋਣ ਵਾਲਾ ਗੁਜਰਾਤ ਦੌਰਾ ਰੱਦ ਕਰ ਦਿੱਤਾ ਗਿਆ ਹੈ। ਹਾਲਾਂਕਿ ਦੌਰਾ ਰੱਦ ਕਰਨ ਦਾ ਕੋਈ ਅਧਿਕਾਰਤ ਕਾਰਨ ਨਹੀਂ ਦੱਸਿਆ ਗਿਆ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਰਾਸ਼ਟਰੀ ਰਾਜਧਾਨੀ ਵਿੱਚ ਕਾਰ ਬੰਬ ਧਮਾਕੇ ਤੋਂ ਬਾਅਦ ਸਥਿਤੀ ਨਾਲ ਨਜਿੱਠਣ ਵਿੱਚ ਰੁੱਝੇ ਹੋਏ ਹਨ। 

ਸ਼ਾਹ 13 ਨਵੰਬਰ ਨੂੰ ਸਾਬਰਮਤੀ ਰਿਵਰਫਰੰਟ ਇਵੈਂਟ ਸੈਂਟਰ ਵਿਖੇ "ਅਹਿਮਦਾਬਾਦ ਫੂਡ ਫੈਸਟੀਵਲ" ਅਤੇ "ਅਹਿਮਦਾਬਾਦ ਇੰਟਰਨੈਸ਼ਨਲ ਬੁੱਕ ਫੈਸਟੀਵਲ" 2025 ਦਾ ਉਦਘਾਟਨ ਕਰਨ ਵਾਲੇ ਸਨ। ਭਾਜਪਾ ਨੇਤਾ ਅਤੇ ਗਾਂਧੀਨਗਰ ਲੋਕ ਸਭਾ ਹਲਕੇ ਦੇ ਬੁਲਾਰੇ ਬਿਮਲ ਜੋਸ਼ੀ ਨੇ ਕਿਹਾ ਕਿ ਗ੍ਰਹਿ ਮੰਤਰੀ ਨੂੰ ਮੇਹਸਾਣਾ ਦੇ ਬੋਰੀਆਵੀ ਵਿੱਚ ਦੁੱਧਸਾਗਰ ਡੇਅਰੀ ਵਿੱਚ ਉਦਘਾਟਨ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਵੀ ਸੱਦਾ ਦਿੱਤਾ ਗਿਆ ਸੀ। 

ਜੋਸ਼ੀ ਨੇ ਕਿਹਾ, "ਸ਼ਾਹ ਦਾ ਅਹਿਮਦਾਬਾਦ ਅਤੇ ਮੇਹਸਾਣਾ ਦਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਸੰਭਾਵਨਾ ਹੈ ਕਿ ਕੇਂਦਰੀ ਮੰਤਰੀ ਵੀਡੀਓ ਕਾਨਫਰੰਸ ਰਾਹੀਂ ਬੋਰੀਆਵੀ ਵਿੱਚ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹਨ।" 

ਜ਼ਿਕਰਯੋਗ ਹੈ ਕਿ ਸੋਮਵਾਰ ਸ਼ਾਮ ਨੂੰ ਲਾਲ ਕਿਲ੍ਹੇ ਨੇੜੇ ਹੋਏ ਇੱਕ ਵੱਡੇ ਕਾਰ ਬੰਬ ਧਮਾਕੇ ਵਿੱਚ ਘੱਟੋ-ਘੱਟ 12 ਲੋਕ ਮਾਰੇ ਗਏ ਸਨ। ਸ਼ਾਹ ਨੇ ਬਾਅਦ ਵਿੱਚ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਨੇ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸੁਰੱਖਿਆ ਸਥਿਤੀ ਦੀ ਦੋ ਵਾਰ ਸਮੀਖਿਆ ਕੀਤੀ।


author

Harpreet SIngh

Content Editor

Related News