''ਮੇਰਾ ਪਰਿਵਾਰ, ਭਾਜਪਾ ਪਰਿਵਾਰ'' ਅਮਿਤ ਸ਼ਾਹ ਨੇ ਘਰ ਤੋਂ ਸ਼ੁਰੂ ਕੀਤੀ ਮੁਹਿੰਮ

02/12/2019 2:02:14 PM

ਅਹਿਮਦਾਬਾਦ (ਭਾਸ਼ਾ)— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮੰਗਲਵਾਰ ਭਾਵ ਅੱਜ ਗੁਜਰਾਤ ਵਿਚ ਆਪਣੇ ਘਰ ਤੋਂ 'ਮੇਰਾ ਪਰਿਵਾਰ, ਭਾਜਪਾ ਪਰਿਵਾਰ' ਨਾਮੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦਾ ਮਕਸਦ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ 5 ਕਰੋੜ ਘਰਾਂ 'ਤੇ ਪਾਰਟੀ ਦਾ ਝੰਡਾ ਲਹਿਰਾਉਣਾ ਹੋਵੇਗਾ। ਇਹ ਮੁਹਿੰਮ 2 ਮਾਰਚ 2019 ਤਕ ਚਲੇਗੀ, ਜਿਸ ਦੇ ਤਹਿਤ ਭਾਜਪਾ ਨੇ ਦੇਸ਼ ਭਰ ਵਿਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ 5 ਕਰੋੜ ਘਰਾਂ 'ਤੇ ਪਾਰਟੀ ਦਾ ਝੰਡਾ ਲਹਿਰਾਉਣ ਦਾ ਟੀਚਾ ਰੱਖਿਆ ਹੈ। ਸ਼ਾਹ ਨੇ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਆਪਣੇ ਸਮਰਥਕਾਂ ਨੂੰ ਕਿਹਾ ਕਿ 12 ਫਰਵਰੀ ਤੋਂ ਸ਼ੁਰੂ ਹੋ ਰਿਹਾ 'ਮੇਰਾ ਪਰਿਵਾਰ, ਭਾਜਪਾ ਪਰਿਵਾਰ' ਮੁਹਿੰਮ ਦੇ ਅਧੀਨ ਆਪਣੇ ਘਰ 'ਤੇ ਭਾਜਪਾ ਦਾ ਝੰਡਾ ਅਤੇ ਸਟਿੱਕਰ ਲਗਾ ਕੇ, 2019 'ਚ ਮੁੜ ਤੋਂ ਭਾਜਪਾ ਸਰਕਾਰ ਬਣਾਉਣ ਲਈ ਮੋਦੀ ਜੀ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਵੋ। 

ਉਨ੍ਹਾਂ ਅੱਗੇ ਆਖਿਆ ਕਿ 2014 ਤੋਂ 2019 ਤਕ ਅਸੀਂ ਲੋਕਤੰਤਰ ਨੂੰ ਮਜ਼ਬੂਤ ਬਣਾਉਣ, ਸੰਗਠਨ ਨੂੰ ਮਜ਼ਬੂਤ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਸਾਰਿਆਂ ਦਾ ਇਹ ਹੀ ਮਤਲਬ ਹੈ ਕਿ 2019 ਵਿਚ ਨਰਿੰਦਰ ਮੋਦੀ ਨੂੰ ਫਿਰ ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਹੈ। ਸ਼ਾਹ ਦਾ ਕਹਿਣਾ ਹੈ ਕਿ ਜੇਕਰ ਇਕ ਪਰਿਵਾਰ ਵਿਚ 4 ਮੈਂਬਰ ਮੰਨ ਲੈਣ ਤਾਂ ਇਸ ਮੁਹਿੰਮ ਦੇ ਜ਼ਰੀਏ 20 ਕਰੋੜ ਲੋਕਾਂ ਨਾਲ ਜੁੜ ਸਕਾਂਗੇ। ਪਾਰਟੀ ਮੋਦੀ ਸਰਕਾਰ ਦੀ ਜਨ ਕਲਿਆਣ ਯੋਜਨਾਵਾਂ— ਜਨ ਧਨ ਖਾਤਾ ਯੋਜਨਾ, ਸਵੱਛ ਭਾਰਤ ਮੁਹਿੰਮ, ਮੁਦਰਾ ਲੋਨ ਯੋਜਨਾ, ਉੱਜਵਲਾ ਰਸੋਈ ਗੈਸ ਯੋਜਨਾ, ਇੰਦਰਧਨੁਸ਼ ਟੀਕਾਕਰਨ ਮੁਹਿੰਮ, ਬਿਜਲੀ ਪਹੁੰਚਾਉਣ ਦੀ ਯੋਜਨਾ ਜ਼ਰੀਏ ਇਸ ਦੇ ਲਾਭ ਪਾਤਰੀਆਂ ਤਕ ਪਹੁੰਚੇਗੀ। ਪਾਰਟੀ ਦੇ ਇਕ ਨੇਤਾ ਨੇ ਦੱਸਿਆ ਕਿ ਸਾਲ 2014 ਦੀਆਂ ਚੋਣਾਂ ਵਿਚ ਭਾਜਪਾ ਨੂੰ 17 ਕਰੋੜ ਵੋਟਾਂ ਪ੍ਰਾਪਤ ਹੋਈਆਂ ਸਨ। ਸਾਡੀ ਕੋਸ਼ਿਸ਼ ਇਨ੍ਹਾਂ ਸਾਰਿਆਂ ਤਕ ਪਹੁੰਚ ਬਣਾਉਣਾ ਅਤੇ ਇਨ੍ਹਾਂ ਨੂੰ ਜੋੜਨਾ ਹੈ।


Tanu

Content Editor

Related News