ਭਾਜਪਾ ਦੇ ‘ਵਾਰ ਰੂਮ’ ’ਚ ਸ਼ਾਹ ਦੀ ਮੁੱਖ ਭੂਮਿਕਾ

Saturday, Oct 31, 2026 - 10:05 AM (IST)

ਭਾਜਪਾ ਦੇ ‘ਵਾਰ ਰੂਮ’ ’ਚ ਸ਼ਾਹ ਦੀ ਮੁੱਖ ਭੂਮਿਕਾ

ਅਮਿਤ ਸ਼ਾਹ ਇਕ ਵਾਰ ਫਿਰ ਭਾਜਪਾ ਦੀ ਸਿਆਸੀ ਲੜਾਈ ਦੇ ਕੇਂਦਰ ’ਚ ਆ ਗਏ ਹਨ। ਪਿਛਲੇ ਐਤਵਾਰ ਉਨ੍ਹਾਂ ਨਵੀਂ ਦਿੱਲੀ ’ਚ ਭਾਜਪਾ ਹੈੱਡਕੁਆਰਟਰ ਵਿਖੇ ਪਾਰਟੀ ਪ੍ਰਧਾਨ ਨਿਤਿਨ ਨਬੀਨ ਤੇ ਸੰਗਠਨ ਦੇ ਸੀਨੀਅਰ ਨੇਤਾਵਾਂ ਨਾਲ ਇਕ ਉੱਚ-ਪੱਧਰੀ ਰਣਨੀਤਕ ਮੀਟਿੰਗ ’ਚ ਹਿੱਸਾ ਲਿਆ।

ਉਨ੍ਹਾਂ ਦੇ ਸਾਹਮਣੇ ਤੁਰੰਤ ਚੁਣੌਤੀ ਰਾਜਧਾਨੀ ’ਚ 1 ਨਵੰਬਰ ਦੀ ਰੈਲੀ ਤੋਂ ਪਹਿਲਾਂ ਵਿਰੋਧੀ ਧਿਰ ਦੀ 'ਵੋਟ ਚੋਰੀ’ ਮੁਹਿੰਮ ਦਾ ਮੁਕਾਬਲਾ ਕਰਨਾ ਹੈ। ਇਸ ਦੌਰਾਨ ਖੜਗੇ ਦੀ ‘ਮੋਦੀ ਦੇ ਬਾਪ’ ਵਾਲੀ ਟਿੱਪਣੀ ਨੇ ਭਾਜਪਾ ਨੂੰ ਇਕ ਵੱਡਾ ਸਿਆਸੀ ਫਾਇਦਾ ਦਿੱਤਾ ਹੈ।

‘ਇੰਡੀਆ’ ਗੱਠਜੋੜ ਵੋਟਰ ਸੂਚੀ ਦੇ ‘ਸਪੈਸ਼ਲ ਇੰਟੈਂਸਿਵ ਰਿਵੀਜ਼ਨ’ (ਐੱਸ. ਆਈ. ਆਰ.) ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਆਪਣੀ ਮੁਹਿੰਮ ਨੂੰ ਤੇਜ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਜਵਾਬ ’ਚ ਭਾਜਪਾ ਟੀ. ਵੀ. ਬਹਿਸਾਂ ਤੇ ਡਿਜੀਟਲ ਪਲੇਟਫਾਰਮਾਂ ’ਤੇ ਇਕ ਯੋਜਨਾਬੱਧ ਜਵਾਬੀ ਬਿਆਨ ਤਿਆਰ ਕਰ ਰਹੀ ਹੈ।

ਭਾਜਪਾ ਹੈੱਡਕੁਆਰਟਰ ’ਚ ਸ਼ਾਹ ਦੀ ਭੂਮਿਕਾ ਪਾਰਟੀ ਦੇ ਮੁੱਖ ਸਿਆਸੀ ਰਣਨੀਤੀਕਾਰਾਂ ’ਚੋਂ ਇਕ ਵਜੋਂ ਉਨ੍ਹਾਂ ਦੀ ਸਥਿਤੀ ਨੂੰ ਸਾਬਤ ਕਰਦੀ ਹੈ, ਖਾਸ ਕਰ ਕੇ ਉਦੋਂ ਜਦੋਂ ਪਾਰਟੀ ਨੂੰ ਵਿਰੋਧੀ ਧਿਰ ਦੇ ਸਖ਼ਤ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਰਣਨੀਤੀ ਦਿੱਲੀ ਤੋਂ ਬਹੁਤ ਦੂਰ ਤੱਕ ਫੈਲੀ ਹੋਈ ਹੈ। 2027 ਦੇ ਸ਼ੁਰੂ ’ਚ ਉੱਤਰ ਪ੍ਰਦੇਸ਼, ਪੰਜਾਬ, ਗੋਆ, ਉਤਰਾਖੰਡ ਤੇ ਮਣੀਪੁਰ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਇਸ ਲਈ ਭਾਜਪਾ ਨੂੰ ਦੋਹਰੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ’ਚ ਉਕਤ ਸੂਬਿਆਂ ’ਚੋਂ ਉੱਥੇ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ​​ਕਰਨਾ ਹੈ ਜਿੱਥੇ ਉਹ ਸੱਤਾ ’ਚ ਹੈ ਤੇ ਪੰਜਾਬ ’ਚ ਆਪਣਾ ਪ੍ਰਭਾਵ ਵਧਾਉਣਾ ਹੈ।

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਬੀ. ਐੱਲ. ਸੰਤੋਸ਼, ਜਨਰਲ ਸਕੱਤਰ ਸੁਨੀਲ ਬਾਂਸਲ, ਮੀਡੀਆ ਅਤੇ ਆਈ. ਟੀ. ਵਿੰਗਾਂ ਦੇ ਪ੍ਰਤੀਨਿਧੀ ਤੇ ਪਾਰਟੀ ਦੀ ਯੋਜਨਾਬੰਦੀ ’ਚ ਸ਼ਾਮਲ ਰਾਜ ਪੱਧਰੀ ਨੇਤਾ ਪੂਰੀ ਤਰ੍ਹਾਂ ਸਰਗਰਮ ਰਹੇ ਹਨ। ਸ਼ੁੱਕਰਵਾਰ ਅਮਿਤ ਸ਼ਾਹ ਉੱਤਰ ਪ੍ਰਦੇਸ਼ ’ਚ ਸਨ, ਜਿੱਥੋਂ ਉਨ੍ਹਾਂ ਇਹ ਸੁਨੇਹਾ ਦਿੱਤਾ ਕਿ ਉਨ੍ਹਾਂ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਰਮਿਆਨ ਸਭ ਕੁਝ ਠੀਕ ਹੈ।

ਐੱਮ. ਐੱਲ. ਸੀ. ਚੋਣਾਂ ’ਚ ਸਮਾਜਵਾਦੀ ਪਾਰਟੀ ਦਾ ਉਭਾਰ ਭਾਜਪਾ ਤੇ ਯੋਗੀ ਲਈ ਚਿੰਤਾ ਦਾ ਕਾਰਨ ਹੋਣਾ ਚਾਹੀਦਾ ਹੈ, ਕਿਉਂਕਿ ਇਹ ‘ ਜੈਨ ਜੀ’ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ ਭਾਵ ਇਹ ਕਿ ਪੜ੍ਹੇ-ਲਿਖੇ ਨੌਜਵਾਨਾਂ ਨੇ ਵਿਰੋਧੀ ਧਿਰ ਨੂੰ ਵੋਟ ਦਿੱਤੀ ਹੈ।

ਸ਼ਾਹ ਨੂੰ ਦੋਹਰੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੋਟਰ ਸੂਚੀ ’ਤੇ ਵਿਰੋਧੀ ਧਿਰ ਦੀ ਮੁਹਿੰਮ ਨੂੰ ਬੇਅਸਰ ਕਰਨਾ ਅਤੇ ਅਗਲੇ ਚੋਣ ਚੱਕਰ ਲਈ ਭਾਜਪਾ ਨੂੰ ਤਿਆਰ ਕਰਨਾ। ਇਹ ਮੀਟਿੰਗ ਇਸ ਗੱਲ ਦੀ ਝਲਕ ਪ੍ਰਦਾਨ ਕਰਦੀ ਹੈ ਕਿ ਸ਼ਾਹ ਦੋਵਾਂ ਮੋਰਚਿਆਂ ’ਤੇ ਰਣਨੀਤੀ ਕਿਵੇਂ ਬਣਾ ਰਹੇ ਹਨ।


author

Harpreet SIngh

Content Editor

Related News