ਪੱਛਮੀ ਬੰਗਾਲ ’ਚ ਬੋਲੇ ਅਮਿਤ ਸ਼ਾਹ, ਮਮਤਾ ਜਾਣ ਲਏ ਕੋਰੋਨਾ ਖਤਮ ਹੁੰਦੇ ਹੀ ਲਾਗੂ ਹੋਵੇਗਾ ਸੀ.ਏ.ਏ.

05/06/2022 10:39:35 AM

ਸਿਲੀਗੁੜੀ– ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਲੈ ਕੇ ਪੱਛਮੀ ਬੰਗਾਲ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ ਟੀ. ਐੱਮ. ਸੀ. ਅਫਵਾਹ ਫੈਲਾਉਂਦੀ ਹੈ ਕਿ ਸੀ. ਏ. ਏ. ਜ਼ਮੀਨੀ ਪੱਧਰ ’ਤੇ ਲਾਗੂ ਨਹੀਂ ਹੋਵੇਗਾ। ਕੋਰੋਨਾ ਦੀ ਲਹਿਰ ਖਤਮ ਹੋਣ ਤੋਂ ਬਾਅਦ ਸੀ. ਏ. ਏ. ਨੂੰ ਲਾਗੂ ਕੀਤਾ ਜਾਵੇਗਾ। ਟੀ. ਐੱਮ. ਸੀ. ਵਾਲੇ ਸੁਣ ਲੈਣ ਕਿ ਸੀ. ਏ. ਏ. ਅਸਲੀਅਤ ਹੈ, ਸੀ ਅਤੇ ਰਹੇਗਾ। ਬੰਗਾਲ ਤੋਂ ਘੁਸਪੈਠ ਅਸੀਂ ਖਤਮ ਕਰਾਂਗੇ। ਬੰਗਾਲ ਵਿਚ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੇ ਅਤਿਆਚਾਰੀ ਸ਼ਾਸਨ ਨੂੰ ਉਖਾੜ ਕੇ ਲੋਕਤੰਤਰ ਨੂੰ ਬਹਾਲ ਕਰਨ ਤੱਕ ਭਾਜਪਾ ਚੈਨ ਨਾਲ ਨਹੀਂ ਬੈਠੇਗੀ।

ਉੱਤਰੀ ਬੰਗਾਲ ਦੇ ਸਿਲੀਗੁੜੀ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ‘ਕਟ ਮਨੀ’ (ਜਬਰੀ ਵਸੂਲੀ), ਭ੍ਰਿਸ਼ਟਾਚਾਰ ਅਤੇ ਸਿਆਸੀ ਹਿੰਸਾ ਖਿਲਾਫ ਲੜਾਈ ਜਾਰੀ ਰੱਖੇਗੀ। ਸਾਨੂੰ ਉਮੀਦ ਸੀ ਕਿ ਤੀਜੀ ਵਾਰ ਸੱਤਾ ਵਿਚ ਆਉਣ ਤੋਂ ਬਾਅਦ ਮਮਤਾ ਬੈਨਰਜੀ ਖੁਦ ਨੂੰ ਸੁਧਾਰ ਲਵੇਗੀ। ਅਸੀਂ ਉਨ੍ਹਾਂ ਦੇ ਖੁਦ ਨੂੰ ਸੁਧਾਰਣ ਲਈ ਪੂਰੇ ਇਕ ਸਾਲ ਤੱਕ ਇੰਤਜ਼ਾਰ ਕੀਤਾ ਪਰ ਉਹ ਨਹੀਂ ਬਦਲੀ। ਸੂਬੇ ਵਿਚ ਸ਼ਾਸਕ ਦਾ ਕਾਨੂੰਨ ਲਾਗੂ ਹੈ।

ਸ਼ਾਹ ਅੱਗ ਨਾਲ ਨਾ ਖੇਡਣ : ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਸਰਕਾਰਾਂ ਵਾਲੇ ਸੂਬਿਆਂ ’ਚ ਫਿਰਕੂ ਹਿੰਸਾ ਅਤੇ ਔਰਤਾਂ ’ਤੇ ਹਮਲਿਆਂ ਨੂੰ ਲੈ ਕੇ ਅੱਖਾਂ ਬੰਦ ਕਰ ਕੇ ਬੰਗਾਲ ਦੇ ਹਾਲਾਤ ਬਾਰੇ ਝੂਠ ਫੈਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼ਾਹ ਅੱਗ ਨਾਲ ਨਾ ਖੇਡਣ ਤਾਂ ਹੀ ਚੰਗਾ ਹੈ। ਬੈਨਰਜੀ ਨੇ ਦਾਅਵਾ ਕੀਤਾ ਕਿ ਕੇਂਦਰ ਵੱਖ-ਵੱਖ ਘਟਨਾਵਾਂ ਤੋਂ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਹੋਰ ਟੀਮਾਂ ਨੂੰ ਪੱਛਮੀ ਬੰਗਾਲ ਭੇਜ ਰਿਹਾ ਹੈ ਪਰ ਦਿੱਲੀ ਦੇ ਹਿੰਸਾ ਪ੍ਰਭਾਵਿਤ ਜਹਾਂਗੀਰਪੁਰੀ ਅਤੇ ਉੱਤਰ ਪ੍ਰਦੇਸ਼ ’ਚ ਨਹੀਂ, ਜਿਥੇ ਔਰਤਾਂ ’ਤੇ ਕਥਿਤ ਤੌਰ ’ਤੇ ਹਮਲੇ ਕੀਤੇ ਜਾ ਰਹੇ ਹਨ।


Rakesh

Content Editor

Related News