ਅਮਿਤ ਸ਼ਾਹ ਦੀ ਵਧਦੀ ਭੂਮਿਕਾ ਨੇ ਚਰਚਾਵਾਂ ਨੂੰ ਹਵਾ ਦਿੱਤੀ
Wednesday, Aug 06, 2025 - 11:41 PM (IST)

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਿਤ ਸ਼ਾਹ ਨੂੰ ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਗ੍ਰਹਿ ਮੰਤਰੀ ਰਹਿਣ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਤਾਂ ਬਸ ਸ਼ੁਰੂਆਤ ਹੈ। 24 ਮਈ ਨੂੰ ‘ਆਫ ਦਿ ਰਿਕਾਰਡ’ ਕਾਲਮ ’ਚ ਇਹ ਰਿਪੋਰਟ ਛਪੀ ਸੀ। ਮੋਦੀ ਵੱਲੋਂ ਸ਼ਾਹ ਦੀ ਅਾਨ ਦਿ ਰਿਕਾਰਡ ਸ਼ਲਾਘਾ ਕਰਨ ਤੋਂ ਬਾਅਦ, ਭਾਜਪਾ ਵਿਚ ਇਸ ਟਿੱਪਣੀ ਦੇ ਪਿੱਛੇ ਛੁਪੇ ਸੰਦੇਸ਼ ਨੂੰ ਲੈ ਕੇ ਘੁਸਰਮੁਸਰ ਸ਼ੁਰੂ ਹੋ ਗਈ ਪਰ ਮੋਦੀ ਇੱਥੇ ਹੀ ਰੁਕ ਗਏ ਅਤੇ ਭਵਿੱਖ ਦੇ ਬਾਰੇ ਵਿਚ ਅੱਗੇ ਕੁਝ ਨਹੀਂ ਕਿਹਾ ਕਿਉਂਕਿ ਅਜੇ ਤੱਕ ਕੋਈ ਅਧਿਕਾਰਤ ਨਿਯੁਕਤੀ ਨਹੀਂ ਹੋਈ ਹੈ।
ਪਰ ਭਾਜਪਾ ਦੇ ਅੰਦਰ, ਅਮਿਤ ਸ਼ਾਹ ਹੀ ਸਭ ਕੁਝ ਸੰਭਾਲ ਰਹੇ ਹਨ ਅਤੇ ਲਗਾਤਾਰ ਪਾਰਟੀ ਦੇ ਅਸਲ ਪ੍ਰਧਾਨ ਵਜੋਂ ਉੱਭਰ ਰਹੇ ਹਨ ਸਗੋਂ ਉਸ ਤੋਂ ਵੀ ਵੱਧ। ਸ਼ਾਹ ਸੂਬਿਆਂ ਦਾ ਦੌਰਾ ਕਰ ਰਹੇ ਹਨ, ਪਾਰਟੀ ਨੇਤਾਵਾਂ ਅਤੇ ਸਹਿਯੋਗੀਆਂ ਨਾਲ ਬੰਦ ਕਮਰੇ ਵਿਚ ਬੈਠਕਾਂ ਕਰ ਰਹੇ ਹਨ, ਸੀਟਾਂ ਦੇ ਤਾਲਮੇਲ ਪੁਖਤਾ ਕਰ ਰਹੇ ਹਨ, ਸਥਾਨਕ ਵਿਵਾਦਾਂ ਦਾ ਹੱਲ ਕਰ ਰਹੇ ਹਨ ਅਤੇ ਚੋਣ ਰਣਨੀਤੀਆਂ ਨੂੰ ਨਵੇਂ ਸਿਰੇ ਤੋਂ ਤਿਆਰ ਕਰ ਰਹੇ ਹਨ।
ਉਨ੍ਹਾਂ ਦੇ ਹਾਲੀਆ ਤੂਫਾਨੀ ਦੌਰੇ (ਜੋ ਜੇ.ਪੀ. ਨੱਡਾ ਦੇ ਦੌਰਿਆਂ ਨਾਲੋਂ ਵੀ ਜ਼ਿਆਦਾ ਤੇਜ਼) ਕਿਸੇ ਦੀਆਂ ਨਜ਼ਰਾਂ ਤੋਂ ਲੁਕੇ ਨਹੀਂ ਹਨ। ਸ਼ਾਹ ਨਾ ਸਿਰਫ਼ ਭਾਜਪਾ ਸਗੋਂ ਰਾਜਗ ਦੇ ਸਹਿਯੋਗੀਆਂ ਦੀਆਂ ਵੀ ਉੱਚ-ਪੱਧਰੀ ਬੈਠਕਾਂ ਦੀ ਪ੍ਰਧਾਨਗੀ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਤੇ 2025-26 ਦੇ ਰੋਡਮੈਪ ਬੇਹੱਦ ਸਟੀਕਤਾ ਨਾਲ ਤਿਆਰ ਕਰ ਰਹੇ ਹਨ।
ਹਾਲਾਂਕਿ, ਦਿੱਲੀ ਵਿਚ ਜਿਸ ਗੱਲ ਨੇ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ, ਉਹ ਹੈ ‘ਆਪ੍ਰੇਸ਼ਨ ਸਿੰਦੂਰ’ ’ਤੇ ਬਹਿਸ ਦੇ ਦੌਰਾਨ ਉਨ੍ਹਾਂ ਦਾ ਰਾਜ ਸਭਾ ਵਿਚ ਹਾਜ਼ਰ ਹੋਣਾ। ਪ੍ਰਧਾਨ ਮੰਤਰੀ ਦੇ ਬਾਹਰ ਹੋਣ ਦੇ ਕਾਰਨ, ਇਹ ਵਿਆਪਕ ਤੌਰ ’ਤੇ ਉਮੀਦ ਕੀਤੀ ਜਾ ਰਹੀ ਸੀ ਕਿ ਰੱਖਿਆ ਮੰਤਰੀ ਅਤੇ ਕੈਬਨਿਟ ਦੇ ਸਭ ਤੋਂ ਸੀਨੀਅਰ ਮੈਂਬਰ ਰਾਜਨਾਥ ਸਿੰਘ ਅੱਗੇ ਆ ਕੇ ਬਹਿਸ ਦਾ ਜਵਾਬ ਦੇਣਗੇ ਪਰ ਇਹ ਸ਼ਾਹ ਹੀ ਸਨ ਜਿਨ੍ਹਾਂ ਨੇ ਇਸ ਮੌਕੇ ਦਾ ਲਾਭ ਉਠਾਇਅਾ ਅਤੇ ਇਕ ਮਜ਼ਬੂਤ ਜਵਾਬ ਦਿੱਤਾ।
ਜਦਕਿ ਮੋਦੀ ਨਿਰਵਿਵਾਦ ਤੌਰ ’ ਤੇ ਭਾਜਪਾ ਦੇ ‘ਸੂਰਜੀਮੰਡਲ’ ਦੇ ਕੇਂਦਰ ’ਚ ਬਣੇ ਹੋਏ ਹਨ, ਸ਼ਾਹ ਦੀ ਲਗਾਤਾਰ ਵਧਦੀ ਸ਼ਕਤੀ ਨੇ ਸਿਅਾਸੀ ਆਬਜ਼ਰਵਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ : ਕੀ ਇਹ 2029 ਵਿਚ ਜਾਂ ਉਸ ਤੋਂ ਪਹਿਲਾਂ ਦੇ ਭਵਿੱਖ ਦੀ ਨੀਂਹ ਹੈ? ਕੀ ਪਾਰਟੀ ਉੱਤਰਾਧਿਕਾਰ ਦੇ ਰਵਾਇਤੀ ਕ੍ਰਮ ਨੂੰ ਅੱਖੋਂ ਪਰੋਖੇ ਕਰਦੇ ਹੋਏ ਚੁੱਪ-ਚਾਪ ਸ਼ਾਹ ਨੂੰ ਇਹ ਜ਼ਿੰਮੇਵਾਰੀ ਸੌਂਪਣ ਦੇ ਲਈ ਤਿਆਰ ਕਰ ਰਹੀ ਹੈ?